ਬਿਉਰੋ ਰਿਪੋਰਟ – ਪਟਿਆਲਾ ਵਿੱਚ ਮਿਆਦ ਪੁੱਗ ਚੁੱਕੀ ਚਾਕਲੇਟ (Expiry Chocolate) ਖਾਣ ਨਾਲ ਡੇਢ ਸਾਲ ਦੀ ਬੱਚੀ ਰਾਵਿਆ ਗੰਭੀਰ ਤੌਰ ‘ਤੇ ਬਿਮਾਰ ਹੋ ਗਈ ਹੈ। ਚਾਕਲੇਟ ਖਾਣ ਮਗਰੋਂ ਉਸ ਨੂੰ ਖ਼ੂਨ ਦੀਆਂ ਉਲ਼ਟੀਆਂ ਆਉਣ ਲੱਗੀਆਂ ਜਿਸ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ। ਕੁਝ ਦਿਨ ਪਹਿਲਾ ਹੀ ਪਟਿਆਲਾ ਤੋਂ ਹੀ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ।
ਦਰਅਸਲ ਤਾਜ਼ਾ ਮਾਮਲੇ ਵਿੱਚ ਬੱਚੀ ਪਟਿਆਲਾ ਆਪਣੇ ਰਿਸ਼ਤੇਦਾਰਾਂ ਘਰ ਆਈ ਸੀ। ਵੈਸੇ ਉਸ ਦੇ ਮਾਪੇ ਲੁਧਿਆਣਾ ਦੇ ਰਹਿਣ ਵਾਲੇ ਹਨ। ਇੱਥੇ ਇਸ ਬੱਚੀ ਨੂੰ ਤੋਹਫੇ ਵਜੋਂ ਚਾਕਲੇਟ, ਕੁਰਕੁਰੇ, ਜੂਸ ਆਦਿ ਵਾਲਾ ਗਿਫ਼ਟ ਪੈਕ ਦਿੱਤਾ ਗਿਆ ਸੀ। ਬੁੱਧਵਾਰ ਨੂੰ ਲੜਕੀ ਦੇ ਰਿਸ਼ਤੇਦਾਰ ਉਸ ਨੂੰ ਪਟਿਆਲਾ ਤੋਂ ਲੁਧਿਆਣਾ ਲੈ ਕੇ ਗਏ ਸੀ। ਵੀਰਵਾਰ ਨੂੰ ਲੁਧਿਆਣਾ ‘ਚ ਗਿਫ਼ਟ ਪੈਕ ਖੋਲ੍ਹ ਕੇ ਲੜਕੀ ਨੂੰ ਚਾਕਲੇਟ ਖਵਾਈ ਸੀ।
ਬੱਚੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਬੱਚੀ ਦੀ ਹਾਲਤ ਨਾਜ਼ੁਕ ਹੋ ਗਈ। ਪਹਿਲਾਂ ਉਨ੍ਹਾਂ ਇਹ ਸੋਚਿਆ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ਼ ਹੋਈ ਹੋਵੇਗੀ। ਪਰ ਬਾਅਦ ਵਿੱਚ ਰਾਵਿਆ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲ਼ਟੀਆਂ ਆਉਣ ਲੱਗੀਆਂ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ CMC ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਗਿਫ਼ਟ ਪੈਕ ਵਿੱਚੋਂ ਇੱਕ ਹੋਰ ਚਾਕਲੇਟ ਸੀ ਜਿਸ ਨੂੰ 22 ਸਾਲ ਦੀ ਲੜਕੀ ਨੇ ਖਾਧਾ ਸੀ। ਉਸ ਦੀ ਵੀ ਹਾਲਤ ਵਿਗੜੀ ਪਰ ਬਾਅਦ ਵਿੱਚ ਉਹ ਠੀਕ ਹੋ ਗਈ ਜਦਕਿ ਡੇਢ ਸਾਲਾ ਛੋਟੀ ਲੜਕੀ ਦੀ ਸਿਹਤ ਜ਼ਿਆਦਾ ਵਿਗੜ ਗਈ।
ਰਿਸ਼ਤੇਦਾਰ ਵਿੱਕੀ ਮੁਤਾਬਕ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਨਾਲ ਉਸ ਦੁਕਾਨ ’ਤੇ ਪਹੁੰਚੇ ਜਿੱਥੋਂ ਉਹ ਖਾਣ-ਪੀਣ ਦਾ ਸਾਮਾਨ ਲਿਆ ਸੀ ਤਾਂ ਉਸ ਦੁਕਾਨ ਵਿੱਚ ਹੋਰ ਵੀ ਚੀਜ਼ਾਂ ਮਿਲੀਆਂ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਸੀ। ਇਹ ਸਾਰਾ ਸਾਮਾਨ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ ਹੈ। ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।