India

ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਵਿਚ ਸ਼ਾਮਲ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ

ਟਾਈਮ ਮੈਗਜ਼ੀਨ (Time magazine) ਨੇ ਬੁੱਧਵਾਰ ਨੂੰ 2024 ਲਈ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਅਦਾਕਾਰਾ ਆਲੀਆ ਭੱਟ, ਪਹਿਲਵਾਨ ਸਾਕਸ਼ੀ ਮਲਿਕ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਦੇ ਨਾਂ ਸ਼ਾਮਲ ਹਨ।

ਇਸ ਸੂਚੀ ਵਿੱਚ ਅਮਰੀਕਾ ਦੇ ਐਨਰਜੀ ਲੋਨ ਪ੍ਰੋਗਰਾਮ ਆਫਿਸ ਦੇ ਡਾਇਰੈਕਟਰ ਜਿਗਰ ਸ਼ਾਹ, ਯੇਲ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਅਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਪ੍ਰਿਯਮਵਦਾ ਨਟਰਾਜਨ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੀ ਰੈਸਟੋਰੈਂਟ ਦੀ ਮਾਲਕ ਆਸਮਾ ਖਾਨ ਅਤੇ ਮਰਹੂਮ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨੇਵਲਨੀ ਦੀ ਪਤਨੀ ਯੂਲੀਆ ਨਵਲਨਾਯਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਅਜੈ ਬੰਗਾ ਬਾਰੇ ਲਿਖਿਆ ਕਿ ਪਿਛਲੇ ਜੂਨ ਵਿਚ ਵਿਸ਼ਵ ਬੈਂਕ ਦੇ ਪ੍ਰਧਾਨ ਬਣਨ ਤੋਂ ਬਾਅਦ, ਅਜੈ ਬੰਗਾ ਨੇ ਗਰੀਬੀ ਤੋਂ ਮੁਕਤ ਦੁਨੀਆਂ ਬਣਾਉਣ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਇਸ ਦੇ ਨਾਲ ਦਲੇਰੀ ਨਾਲ ਅੱਗੇ ਵਧਿਆ। ਟਾਈਮ ਦੀ ਪ੍ਰੋਫਾਈਲ ‘ਤੇ ਲਿਖਿਆ, ‘ਇਕ ਅਹਿਮ ਸੰਸਥਾ ਨੂੰ ਬਦਲਣ ਦਾ ਅਹਿਮ ਕੰਮ ਕਰਨ ਲਈ ਹੁਨਰਮੰਦ ਆਗੂ ਨੂੰ ਲੱਭਣਾ ਸੌਖਾ ਨਹੀਂ’

ਨਿਰਦੇਸ਼ਕ ਅਤੇ ਨਿਰਮਾਤਾ ਟੌਮ ਹਾਰਪਰ ਨੇ ਆਲੀਆ ਭੱਟ ਬਾਰੇ ਲਿਖਿਆ, ‘ਆਲੀਆ ਭੱਟ ਭਾਰਤ ਫ਼ਿਲਮ ਉਦਯੋਗ ‘ਚ ਵਿਸ਼ਵ ਦੀ ਪ੍ਰਸ਼ੰਸ਼ਾ ਹਾਸਲ ਕਰਨ ਵਾਲੇ ਮੋਹਰੀ ਕਲਾਕਾਰਾਂ ‘ਚੋਂ ਇਕ ਨਹੀਂ ਬਲਕਿ ਉਹ ਇਕ ਮਹਿਲਾ ਕਾਰੋਬਾਰੀ ਤੇ ਦਾਨੀ ਵੀ ਹਨ ਜਿਹੜੇ ਇਮਾਨਦਾਰੀ ਨਾਲ ਅਗਵਾਈ ਕਰਦੇ ਹਨ”  ਟਾਈਮ ਨੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਬਾਰੇ ਲਿਖਿਆ ਹੈ ਕਿ ਉਹ ਸਾਡੇ ਭਵਿੱਖ ਨੂੰ ਆਕਾਰ ਦੇਣ ਵਿਚ ਬਹੁਤ ਪ੍ਰਭਾਵਸ਼ਾਲੀ ਹਨ। ਉਹ ਏਆਈ ਨੂੰ ਇੱਕ ਸਾਧਨ ਵਜੋਂ ਦੇਖਦਾ ਹੈ ਜੋ ਮਨੁੱਖਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ।

ਫਿਲਮਸਾਜ਼ ਨਿਸ਼ਾ ਪਾਹੂਜਾ ਨੇ ਸਾਕਸ਼ੀ ਮਿਲਕ ਬਾਰੇ ਲਿਖਿਆ ਹੈ ਕਿ ‘ਉਹ ਭਾਰਤ ਦੀ ਸਭ ਤੋਂ ਮਸ਼ਹੂਰ ਪਹਿਲਵਾਨਾਂ ਵਿਚੋਂ ਇੱਕ ਹੈ, ਜੋ ਮਹਿਲਾ ਅਥਲੀਟਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਅਸਤੀਫੇ ਦੀ ਮੰਗ ਕਰਨ ਲਈ ਜੰਤਰ-ਮੰਤਰ ਵਿਖੇ ਇਕੱਠੀ ਹੋਈ ਸੀ।