Punjab

ਪੰਜਾਬ ਵਿੱਚ ਕਈ ਥਾਵਾਂ ‘ਤੇ ਮੀਂਹ,ਕਿਸਾਨਾਂ ਦੇ ਸੁੱਕੇ ਸਾਹ,ਕਣਕਾਂ ਵਿਛੀਆਂ

ਦੇਸ਼ ਦੇ ਉੱਤਰੀ ਖੇਤਰ ਸਣੇ ਪੰਜਾਬ ਵਿੱਚ ਅੱਜ ਸਵੇਰੇ ਤੇ ਲੰਘੀ ਰਾਤ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਮੌਸਮ ਦੇ ਬਦਲੇ ਮਿਜਾਜ਼ ਨਾਲ ਖੇਤਾਂ ਵਿੱਚ ਕਣਕ ਦੀ ਫਸਲ ਵਿਛ ਗਈ ਹੈ ਤੇ ਹੋਰ ਵੀ ਕਈ ਫਸਲਾਂ ਨੂੰ ਨੁਕਸਾਨ ਹੋਇਆ ਹੈ। ਬੇਮੌਸਮੇਂ ਪਏ ਇਸ ਮੀਂਹ ਕਾਰਨ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵੱਧਣੀਆਂ ਲਾਜ਼ਮੀ ਹਨ ਕਿਉਂਕਿ ਕਣਕ ਦੀ ਫਸਲ ਪੱਕ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ (Punjab Weather Update) 13 ਅਤੇ 14 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੱਦਾਖ ਵਿੱਚ ਹਲਕੀ ਤੋਂ ਦਰਮਿਆਨੀ ਗਰਜ ਨਾਲ ਤੂਫਾਨ ਆਉਣ ਦੀ ਸੰਭਾਵਨਾ ਸੀ। ਇਸ ਦੌਰਾਨ ਕਈ ਥਾਵਾਂ ‘ਤੇ ਤੇਜ਼ ਹਵਾਵਾਂ (ਤੂਫਾਨ) ਦੇ ਨਾਲ ਗੜੇ ਪੈਣ ਦੀ ਸੰਭਾਵਨਾ ਹੈ।

ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਅਤੇ ਤੂਫ਼ਾਨ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 13 ਤੋਂ 15 ਅਪ੍ਰੈਲ ਤੱਕ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਦੇ ਹੁਸ਼ਿਆਰਪੁਰ, ਅਬੋਹਰ, ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਖ਼ਰਾਬ ਮੌਸਮ ਦੇ ਨਾਲ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਜਦ ਕਿ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਫਤਿਹਾਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਖ਼ਰਾਬ ਮੌਸਮ ਦੇ ਨਾਲ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ।

ਪੱਛਮੀ ਗੜਬੜੀ ਕਾਰਨ ਉੱਤਰੀ-ਪੱਛਮੀ ਭਾਰਤ ਦੇ ਮੌਸਮ ਦੇ ਪੈਟਰਨ ਲਗਾਤਾਰ ਬਦਲ ਰਹੇ ਹਨ। ਇਸ ਕਾਰਨ 14 ਤੋਂ 15 ਅਪ੍ਰੈਲ ਦਰਮਿਆਨ ਮੀਂਹ ਅਤੇ ਹਨੇਰੀ ਚੱਲੇਗੀ। ਇਸ ਦੇ ਨਾਲ ਗੜੇ ਵੀ ਪੈਣਗੇ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ 14 ਤੋਂ 15 ਅਪ੍ਰੈਲ ਦਰਮਿਆਨ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਅਤੇ ਤੂਫ਼ਾਨ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।