ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Bhagwant singh Mann) ਨੇ ਜਲੰਧਰ (Jalandhar) ਅਤੇ ਲੁਧਿਆਣਾ (Ludhiana) ਲੋਕਸਭਾ ਸੀਟਾਂ (Loksabha election 2024) ‘ਤੇ ਉਮੀਦਵਾਰ ਤੈਅ ਕਰ ਲਏ ਹਨ । ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ 16 ਅਪ੍ਰੈਲ ਨੂੰ ਜਲੰਧਰ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਾਂਗੇ । ਹੁਣ ਤੱਕ ਆਮ ਆਦਮੀ ਪਾਰਟੀ 2 ਲਿਸਟਾਂ ਜਾਰੀ ਕਰ ਚੁੱਕੀ ਹੈ । ਪਹਿਲੀ ਲਿਸਟ ਵਿੱਚ 13 ਲੋਕਸਭਾ ਸੀਟਾਂ ਵਿੱਚੋਂ 8 ਉਮੀਦਵਾਰਾਂ ਦੇ
ਨਾਂ ਸਨ । ਪਰ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ ਪਹਿਲੀ ਲਿਸਟ ਵਿੱਚ ਨਾਂ ਆਉਣ ਦੇ ਬਾਵਜੂਦ ਪਾਰਟੀ ਤੋਂ ਅਸਤੀਫਾ ਦੇ ਦਿੱਤੀ ਅਤੇ ਬੀਜੇਪੀ ਜੁਆਇਨ ਕਰ ਲਈ ਸੀ । ਹੁਣ ਉਹ ਬੀਜੇਪੀ ਵੱਲੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ । ਪਠਾਨਕੋਟ ਅਤੇ ਫਿਰੋਜ਼ਪੁਰ ਸੀਟ ਲਈ ਪਾਰਟੀ ਵਿੱਚ ਹੁਣ ਵੀ ਮੰਥਨ ਚੱਲ ਰਿਹਾ ਹੈ ।
ਜਲੰਧਰ ਸੀਟ ‘ਤੇ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦਾ ਨਾਂ ਚੱਲ ਰਿਹਾ ਹੈ । ਜਲੰਧਰ ਤੋਂ ਮਾਂ ਨੂੰ ਮੁੜ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਨਰਾਜ਼ ਪੁੱਤਰ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਹਨ । ਉਨ੍ਹਾਂ ਨੇ 2 ਦਿਨ ਪਹਿਲਾਂ ਚੀਫ ਵ੍ਹਿਪ ਤੋਂ ਅਸਤੀਫਾ ਦਿੱਤਾ ਸੀ । ਜੇਕਰ ਅਜਿਹਾ ਹੁੰਦਾ ਹੈ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਾਲ ਘੇਰਨਗੇ । ਉਧਰ ਲੁਧਿਆਣਾ ਤੋਂ ਪਾਰਟੀ ਕਿਸੇ ਵਿਧਾਇਕ ‘ਤੇ ਦਾਅ ਲਾ ਸਕਦੀ ਹੈ ।
ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾਇਆ ਗਿਆ ਸੀ । ਉਨ੍ਹਾਂ ਦੇ ਨਾਲ ਦੂਜਾ ਨਾਂ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਸੀ । ਚੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਰਹੇ ਰਾਜਕੁਮਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ । ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ।
ਹੁਣ ਤੱਕ ਪਾਰਟੀ ਨੇ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ
ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ,ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਪਾਰਟੀ ਦੇ ਉਮੀਦਵਾਰ ਹਨ । ਸੰਗਰੂਰ ਤੋਂ ਖੇਡ ਮੰਤਰੀ ਮੀਤ ਹੇਅਰ ਮੈਦਾਨ ਵਿੱਚ ਹਨ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਤੋਂ ਆਪ ਵਿੱਚ ਆਏ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਦਾ ਨਾਂ ਹੈ । ਬਠਿੰਡਾ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਉਮੀਦਵਾਰ ਹਨ । ਫਰੀਦਕੋਟ ਦੀ ਰਿਜ਼ਰਵ ਸੀਟ ਤੋਂ ਫਿਲਮੀ ਕਲਾਕਾਰ ਕਰਮਜੀਤ ਸਿੰਘ ਅਨਮੋਲ ਮੈਦਾਨ ਵਿੱਚ ਹਨ । ਪਟਿਆਲਾ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾਅਵੇਦਾਰੀ ਪੇਸ਼ ਕਰ ਰਹੇ ਹਨ ।