ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਵਜੋਂ ਪ੍ਰਚਾਰ ਕਰਦੇ ਹੋਏ ਨਜ਼ਰ ਆ ਸਕਦੇ ਹਨ । ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਉਨ੍ਹਾਂ ਨੂੰ ਚੋਣ ਲੜਨ ਦੇ ਲਈ ਮਨਾ ਲਿਆ ਹੈ । ਬਠਿੰਡਾ ਤੋਂ ਕਾਂਗਰਸ ਨੇ ਜਿਹੜੇ ਸੰਭਾਵਿਤ ਉਮੀਦਵਾਰਾਂ ਦੀ ਲਿਸਟ ਹਾਈਕਮਾਨ ਨੂੰ ਸੌਂਪੀ ਹੈ ਉਸ ਵਿੱਚ ਬਲਕੌਰ ਸਿੰਘ ਦਾ ਨਾਂ ਵੀ ਹੈ । ਇਸ ਤੋਂ ਇਲਾਵਾ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਨਾਂ ਵੀ ਅੱਗੇ ਚੱਲ ਰਿਹਾ ਹੈ । ਪਰ ਜੇਕਰ ਬਲਕੌਰ ਸਿੰਘ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਬਣ ਦੇ ਹਨ ਤਾਂ ਇਹ ਸਭ ਤੋਂ ਹਾਟ ਸੀਟ ਹੋਵੇਗੀ । ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਸੀਟ ‘ਤੇ ਹੋਣਗੀਆਂ । ਬਠਿੰਡਾ ਸੀਟ ਹਰਸਿਮਰਤ ਕੌਰ ਬਾਦਲ ਨੇ ਹੁਣ ਤੱਕ ਲਗਾਤਾਰ ਤਿੰਨ ਵਾਰ ਜਿੱਤੀ ਹੈ ਅਤੇ ਇਹ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ । ਪਰ ਲਗਾਤਾਰ ਪਿਛਲੀਆਂ 2 ਚੋਣਾਂ ਵਿੱਚ ਜਿੱਤ ਦਾ ਅੰਤਰ ਬਹੁਤ ਹੀ ਘੱਟ ਰਿਹਾ ਹੈ ।
ਪਿਤਾ ਨੇ ਕੀਤਾ ਸੀ ਸਿਆਸਤ ਵਿੱਚ ਆਉਣ ਵੱਲ ਇਸ਼ਾਰਾ
ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਵੀ ਸਿਆਸਤ ਵਿੱਚ ਆਉਣ ਵੱਲ ਇਸ਼ਾਰਾ ਕੀਤਾ ਸੀ । ਉਨ੍ਹਾਂ ਕਿਹਾ ਸੀ ਮੈਨੂੰ ਆਪਣੇ ਪੁੱਤਰ ਦੇ ਇਨਸਾਫ ਲਈ ਸਿਆਸਤ ਵਿੱਚ ਆਉਣਾ ਹੀ ਪਏਗਾ । ਮੈਨੂੰ ਮੌਜੂਦਾ ਪੰਜਾਬ ਸਰਕਾਰ ਕੋਲੋ ਕੋਈ ਉਮੀਦ ਨਹੀਂ ਹੈ । ਪਰ ਨਾਲ ਹੀ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਛੋਟੇ ਸਿੱਧੂ ਅਤੇ ਪਤਨੀ ਚਰਨਕੌਰ ਦਾ ਖਿਆਲ ਰੱਖਣ ਵਿੱਚ ਰੁਝੇ ਹੋਏ ਹਨ । ਭਵਿੱਖ ਵਿੱਚ ਉਹ ਚੋਣ ਲੜਨ ਦੇ ਬਾਰੇ ਜ਼ਰੂਰ ਸੋਚਣਗੇ । ਪਰ ਸਿਆਸਤ ਵਿੱਚ ਕੁਝ ਵੀ ਮੁਨਕਿਨ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਾਫੀ ਨਜ਼ਦੀਕ ਹਨ । ਉਹ ਵੀ ਸਿੱਧੂ ਮੂਸੇਵਾਲਾ ਨੂੰ ਸਿਆਸਤ ਵਿੱਚ ਲੈਕੇ ਆਏ ਸਨ । ਵੜਿੰਗ ਕਹਿ ਚੁੱਕੇ ਹਨ ਜੇਕਰ ਬਲਕੌਰ ਸਿੰਘ ਸਾਡੇ ਨਾਲ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਦਿਲ ਖੋਲ ਕੇ ਸੁਆਗਤ ਕਰਾਂਗੇ ।
ਇਸ ਤੋਂ ਇਲਾਵਾ 2 ਮਹੀਨੇ ਪਹਿਲਾਂ ਸਿੱਧੂ ਮੂ੍ਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਸਾਬਕਾ CM ਬੇਅੰਤ ਸਿੰਘ ਦਾ ਪੋਤਰਾ ਐੱਮਪੀ ਹੈ,ਇਸੇ ਲਈ ਸਾਜਿਸ਼ ਕਰਨ ਵਾਲੇ ਫੜੇ ਵੀ ਗਏ,ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਗਈ,ਜਿੰਨੀ ਸਜ਼ਾ ਦਿੱਤੀ ਗਈ ਉਹ ਕੱਟ ਵੀ ਚੁਕੇ ਹਨ,ਹੁਣ ਦੁੱਗਣੀ ਭੁਗਤ ਰਹੇ ਹਨ,ਪਰ ਰਿਹਾਈ ਫਿਰ ਵੀ ਨਹੀਂ ਹੋਈ । ਫਿਰ ਅਸੀਂ ਸਿਆਸਤ ਵਿੱਚ ਕਿਉਂ ਨਾ ਆਇਏ ,ਪੁੱਤਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।