ਪੰਜਾਬ ਭਰ ਦੇ ਸਕੂਲਾਂ ਵਿਚ ਪ੍ਰਧਾਨ ਮੰਤਰੀ ਪੋਸ਼ਣ ਸਕੀਮ (ਮਿਡ ਡੇ ਮੀਲ) ਦਾ ਨਵਾਂ ਮੀਨੂੰ ਜਾਰੀ ਕਰ ਦਿੱਤਾ ਹੈ। ਸੁਸਾਇਟੀ ਦੇ ਜਨਰਲ ਮੈਨੇਜਰ ਨੇ ਪਲਾਨਿੰਗ ਬੋਰਡ ਦੀ ਬੈਠਕ ’ਚ ਤੈਅ ਸ਼ਰਤਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹੁਣ ਹਰੇਕ ਮਹੀਨੇ ਦੁਪਹਿਰ ਦੇ ਖਾਣੇ ਦਾ ਮੀਨੂ ਤਬਦੀਲ ਕੀਤਾ ਜਾਵੇਗਾ।
ਇਸ ਸਬੰਧੀ ਮਹੀਨੇ ਦੇ ਅੰਤ ਵਿਚ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਵੀ ਜਾਰੀ ਹੋਣਗੀਆਂ। ਸੁਸਾਇਟੀ ਨੇ ਹਫ਼ਤਾਵਾਰੀ ਮਿਲਣ ਵਾਲੇ ਖਾਣੇ ਦੇ ਵੇਰਵੇ ਵੀ ਸਾਂਝੇ ਕੀਤੇ ਹਨ ਜਿਸ ਵਿਚ ਪੌਸ਼ਟਿਕ ਤੇ ਸਾਫ਼-ਸੁਥਰੇ ਖਾਣੇ ਦੀ ਪਹਿਲਕਦਮੀ ਨੂੰ ਦੁਹਰਾਇਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਦਿਆਰਥੀਆਂ ਨੂੰ ਖਾਣੇ ਵਿਚ ਦਾਲ਼ਾਂ, ਚੌਲ ਅਤੇ ਹੋਰ ਵਸਤੂਆਂ ਪ੍ਰਦਾਨ ਹੋਣਗੀਆਂ।
ਹਰੇਕ ਸੋਮਵਾਰ ਨੂੰ ਦੁਪਹਿਰ ਦੇ ਭੋਜਨ ਵਿਚ ਦਾਲ ਵਿਚ ਮੌਸਮੀ ਸਬਜ਼ੀਆਂ ਮਿਲਾ ਕੇ (ਦਾਲ-ਸਬਜ਼ੀ) ਦੇਣ ਤੋਂ ਇਲਾਵਾ ਰੋਟੀ ਅਤੇ ਮੌਸਮੀ ਫ਼ਲ ਵੀ ਦੇਣ ਦੀ ਹੁਕਮ ਹੋਏ ਹਨ। ਆਪਣੇ ਚਾਰ-ਨੁਕਾਤੀ ਪੱਤਰ ਵਿਚ ਅਧਿਕਾਰੀਆਂ ਨੇ ਕਿਹਾ ਹੈ ਕਿ ਹਫ਼ਤੇ ਵਿਚ ਇਕ ਦਿਨ ਖੀਰ ਜਾਂ ਕੋਈ ਹੋਰ ਮਿੱਠਾ ਭੋਜਨ ਵੀ ਦਿੱਤਾ ਜਾਵੇਗਾ।
ਸਰਕਾਰ ਨੇ ਇਹ ਨਵਾਂ ਮੀਨੂ ਜਾਰੀ ਕਰ ਕੇ ਮਿਡ ਡੇ ਮੀਲ ਵਰਕਰਾਂ ਦਾ ਕੰਮ ਹੋਰ ਵਧਾ ਦਿੱਤਾ ਹੈ। ਜੇ ਹਰੇਕ ਮਹੀਨੇ ਮੀਨੂ ਬਦਲਿਆ ਜਾਣਾ ਹੈ ਤਾਂ ਇਹ ਕੰਮ ਵੀ ਵਧੇਗਾ ਜਿਸ ਦਾ ਮਿਹਨਤਾਨਾ ਵੀ ਵਾਧੂ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਪੱਤਰ ਵਿਚ ਵਾਧੂ ਖ਼ਰਚ ਸਬੰਧੀ ਕੋਈ ਵੇਰਵੇ ਨਹੀਂ ਦਿੱਤੇ ਗਏ ਜੋ ਕਿ ਸਪੱਸ਼ਟ ਕਰਨੇ ਚਾਹੀਦੇ ਸਨ।