India Punjab

ਗਾਂਧੀ ਕਾਂਗਰਸ ‘ਚ ਸ਼ਾਮਲ !’ED ਮੈਨੂੰ ਫੜੇਗੀ ਤਾਂ ਮੈਂ ਇਹ ਕੰਮ ਕਰਾਂਗਾ’!’CM ਮਾਨ ਦੇ ਤਾਰ ਦਿੱਲੀ ਵੱਲ’!

ਬਿਉਰੋ ਰਿਪੋਰਟ : ਪਟਿਆਲਾ ਤੋਂ ਸਾਬਕਾ MP ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ । ਦਿੱਲੀ ਵਿੱਚ ਪਾਰਟੀ ਜੁਆਇਨ ਕਰਦੇ ਸਮੇਂ ਉਨ੍ਹਾਂ ਦੇ ਨਾਲ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਮੌਜੂਦ ਸਨ । ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ,ਮੈਂ ਉਮਰ ਦੇ ਉਸ ਪੜ੍ਹਾਅ ‘ਤੇ ਖੜਾ ਹਾਂ ਜਿੱਥੇ ਸਹੀ ਫੈਸਲਾ ਲੈਣਾ ਜ਼ਰੂਰੀ ਹੈ । ਦੇਸ਼ ਨੂੰ ਧਰਮ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ । ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਪਾਰਟੀ ਜੇਕਰ ਉਨ੍ਹਾਂ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਏਗੀ ਤਾਂ ਉਹ ਚੋਣ ਲੜਨਗੇ ਤਾਂ ਧਰਮਵੀਰ ਗਾਂਧੀ ਨੇ ਕਿਹਾ ਉਹ ਬਿਲਕੁਲ ਚੋਣ ਲੜਨਗੇ । ਉਨ੍ਹਾਂ ਦੀ ਲੜਾਈ ਪਰਨੀਤ ਕੌਰ ਦੇ ਖਿਲਾਫ ਨਹੀਂ ਬਲਕਿ ਬੀਜੇਪੀ ਦੇ ਉਮੀਦਵਾਰ ਖਿਲਾਫ ਹੋਵੇਗੀ । ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਅਸੀਂ ਧਰਮਵੀਰ ਗਾਂਧੀ ਤੋਂ ਪ੍ਰਭਾਵਿਤ ਸੀ ਇਸੇ ਲਈ ਅਸੀਂ ਉਨ੍ਹਾਂ ਨੂੰ ਨਾਲ ਲੈਕੇ ਆਏ ਹਾਂ, ਲੋਕ ਚੰਗੇ ਲੋਕਾਂ ਨੂੰ ਲੱਭ ਰਹੇ ਹਨ ।

ਕਾਂਗਰਸ ਵਿੱਚ ਸ਼ਾਮਲ ਹੋਏ ਧਰਮਵੀਰ ਗਾਂਧੀ ਨੇ ਦੱਸਿਆ ਕਿ 2014 ਵਿੱਚ ਉਹ ਪਹਿਲੇ ਆਗੂ ਸਨ ਜਿੰਨਾਂ ਨੇ ਆਪ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਸੀ । ਕਿਉਂਕਿ ਜਿਸ ਸੋਚ ਨੂੰ ਲੈਕੇ ਉਹ ਸਿਆਸਤ ਵਿੱਚ ਆਏ ਸਨ ਉਹ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆਈ । ਜਦੋਂ ਪੱਤਰਕਾਰਾਂ ਨੇ ਗਾਂਧੀ ਨੂੰ ਪੁੱਛਿਆ ਕਿ ਕੇਜਰੀਵਾਲ ਵੀ ਉਸੇ ਇੰਡੀਆ ਗਠਜੋੜ ਦਾ ਹਿੱਸਾ ਹਨ ਜਿਸ ਪਾਰਟੀ ਵਿੱਚ ਤੁਸੀਂ ਸ਼ਾਮਲ ਹੋਏ ਹੋ ਤਾਂ ਗਾਂਧੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕੇਜਰੀਵਾਲ ਦਾ ਇੰਡੀਆ ਗਠਜੋੜ ਵਿੱਚ ਸ਼ਾਮਲ ਹੋਣਾ ਸ਼ੰਕੇ ਪੈਦਾ ਕਰਨ ਵਾਲਾ ਹੈ । ਪਰ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਮੌਕੇ ਆਉਂਦੇ ਹਨ ਜਦੋਂ ਤੁਹਾਨੂੰ ਵੱਡੀਆਂ-ਵੱਡੀਆਂ ਗੱਲਾਂ ਛੱਡਣੀਆਂ ਪੈਂਦੀਆਂ ਹਨ । ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਵੱਡਾ ਬਿਆਨ ਦਿੰਦੇ ਹੋਏ ਕਿਹਾ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਸੀਐੱਮ ਦੇ ਅੰਦਰਖਾਤੇ ਤਾਰ ਦਿੱਲੀ ਦੀ ਸਰਕਾਰ ਨਾਲ ਜੁੜੇ ਹਨ।

ਧਰਮਵੀਰ ਗਾਂਧੀ ਨੂੰ ਜਦੋਂ ਪੁੱਛਿਆ ਕਿ ਤੁਸੀਂ ਕਾਂਗਰਸ ਜੁਆਇਨ ਕੀਤੀ ਹੈ ਕਿ ਤੁਹਾਨੂੰ ED,CBI ਦਾ ਡਰ ਨਹੀਂ ਹੈ । ਉਨ੍ਹਾਂ ਕਿਹਾ ਮੈਂ 75 ਸਾਲ ਦਾ ਹਾਂ,ਮੇਰੇ ਖਿਲਾਫ ਦੇਸ਼ਧ੍ਰੋਅ ਦਾ ਮੁਕੱਦਮਾ ਦਰਜ ਕਰਵਾ ਦੇਣਗੇ,ਵੱਧ ਤੋਂ ਵੱਧ ਜੇਲ੍ਹ ਵਿੱਚ ਪਾ ਸਕਦੇ ਹਨ,ਮੇਰੀ 4-5 ਸਾਲ ਜ਼ਿੰਦਗੀ ਹੈ ।

ਡਾ. ਗਾਂਧੀ ਦਾ ਸਿਆਸੀ ਸਫਰ

ਡਾ.ਧਰਮਵੀਰ ਗਾਂਧੀ ਨੇ 2013 ਵਿੱਚ ਆਮ ਆਦਮੀ ਪਾਟਰੀ ਜੁਆਇਨ ਕੀਤੀ ਸੀ । 2014 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ । ਗਾਂਧੀ ਨੇ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੂੰ 20,992 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ । 2019 ਵਿੱਚ ਉਨ੍ਹਾਂ ਨੇ ਵੱਖ ਤੋਂ ਨਵਾਂ ਪੰਜਾਬ ਪਾਰਟੀ ਬਣਾਈ ਸੀ ਅਤੇ ਚੋਣ ਲੜ ਦੇ ਹੋਏ 13.72 ਫੀਸਦੀ ਵੋਟ ਸ਼ੇਅਰ ਦੇ ਨਾਲ 1,61,645 ਵੋਟਾਂ ਹਾਸਲ ਕੀਤੀਆਂ ਸਨ । ਇਹ ਉਹ ਵੋਟਾਂ ਸਨ ਜੋ ਉਨ੍ਹਾਂ ਨੇ ਆਪਣੇ ਦਮ ਤੇ ਹਾਸਲ ਕੀਤੀਆਂ ਸਨ । ਅਜਿਹੇ ਵਿੱਚ ਗਾਂਧੀ ਦਾ ਕਾਂਗਰਸ ਵਿੱਚ ਆਉਣਾ ਪਾਰਟੀ ਦੇ ਲਈ ਸ਼ੁੱਭ ਸੰਕੇਤ ਹੈ । ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਪਟਿਆਲਾ ਸੀਟ ਜੁੜੇ ਹੋਣ ਦੀ ਵਜ੍ਹਾ ਕਰਕੇ ਪਿਛਲੇ ਢਾਈ ਦਹਾਕੇ ਤੋਂ ਇਹ ਕਾਂਗਰਸ ਦਾ ਗੜ੍ਹ ਸੀ । ਅਕਾਲੀ ਦਲ ਦਾ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਹੈ । ਅਜਿਹੇ ਵਿੱਚ ਜੇਕਰ ਕਾਂਗਰਸ ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਪਰਨੀਤ ਕੌਰ ਲਈ ਇਸ ਵਾਰ ਵੀ ਲੋਕਸਭਾ ਪਹੁੰਚਣਾ ਅਸਾਨ ਨਹੀਂ ਹੋਵੇਗਾ । ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਜਾਣ ਦੇ ਹਨ ਇਸੇ ਲਈ ਉਹ ਵਾਰ-ਵਾਰ ਅਕਾਲੀ ਦਲ ਅਤੇ ਬੀਜੇਪੀ ਗਠਜੋੜ ਦੀ ਵਕਾਲਤ ਕਰ ਰਹੇ ਸਨ ।