ਹਰਿਆਣਾ ਦੇ ਅੰਬਾਲਾ ਮੁਹੱਡਾ ਮੰਡੀ ਵਿੱਚ ਅੱਜ ਨੌਜਵਾਨ ਕਿਸਾਨ ਸ਼ੁਭਕਰਨ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਤੇ ਕਿਸਾਨ ਲੀਡਰਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅੰਦੋਲਨ ਦੇਸ਼ ਨੂੰ ਬਚਾਉਣ ਦਾ ਅੰਦੋਲਣ ਹੈ। ਉਨਾਂ ਕਿਹਾ ਭਾਰਤ ਦੀ ਮੋਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਜਥੇਬੰਦੀਆਂ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਪੁਰਾ ਸੰਘਰਸ਼ ਕਰਨਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਉਹੀ ਮੋਦੀ ਹੈ ਜਿਹੜਾ ਇਹ ਵਾਅਦੇ ਕਰਕੇ ਪ੍ਰਧਾਨ ਮੰਤਰੀ ਬਣਿਆ ਕਿ ਮੈਂ ਤੁਹਾਡੇ ਕਰਜ਼ੇ ਉੱਤੇ ਲਕੀਰ ਮਾਰ ਦੇਸ਼ ਦੇ ਕਿਸਾਨਾਂ ਨੂੰ ਕਰਜ ਮੁਕਤ ਕਰੂਗਾ, ਇਹ ਉਹੀ ਪ੍ਰਧਾਨ ਮੰਤਰੀ ਹ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਦੇਸ਼ ਦੇ ਕਿਸਾਨਾਂ ਦੀ ਆਮਦਨ 2023 ਤੱਕ ਦੋਗੁਣੀ ਕਰੂਗਾ। ਪਰ ਅੱਜ ਸਾਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ।
ਸ਼ਹੀਦ ਸੁਭਕਰਨ ਨੂੰ ਸ਼ਰਾਂਜਲੀ ਦੇਣ ਆਏ ਕ੍ਰਿਸ਼ੀ ਮਾਹਿਰ ਡਾਕਟਰ ਦਵਿੰਦਰ ਸ਼ਰਮਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਉਪਰੰਤ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੁਝ ਵਿਦਵਾਨਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਕਰਕੇ ਕਿਸਾਨਾਂ ਨੂੰ ਫ਼ਸਲ ਤੇ MSP ਮਿਲਣ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਦੇ ਕਿਸਾਨ ਦੀ ਆਮਦਨ ਮਨਰੇਗਾ ਮਜ਼ਦੂਰਾਂ ਨਾਲੋਂ ਵੀ ਘੱਟ ਹੈ। ਡਾ. ਦਵਿੰਦਰ ਸ਼ਰਮਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿਉਂ ਸਰਕਾਰ ਹਰ ਸਾਲ 45 ਲੱਖ ਕਰੋੜ ਦੇ ਬਜ਼ਟ ਵਿੱਚੋ ਸਿਰਫ 1.25 ਲੱਖ ਕਰੋੜ ਕਿਸਾਨਾਂ ਅਤੇ ਕਿਸਾਨੀ ਉੱਤੇ ਖਰਚ ਕਰਦੀ ਹੈ?
ਉਨ੍ਹਾਂ ਕਿਹਾ ਕਿ ਜਦਕਿ ਦੇਸ ਵਿਚ ਕਿਸਾਨਾਂ ਦੀ ਆਬਾਦੀ 55% ਹੈ, ਜਿੱਸ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਦਾ ਬਜ਼ਟ ਵਿੱਚ 50% ਹਿੱਸਾ ਬਣਦਾ ਹੈ। ਸ਼ਰਧਾਂਜਲੀ ਦੇਣ ਆਏ ਸਮਾਜ ਸੇਵੀ ਭਾਣਾ ਸਿੱਧੂ ਨੇ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਫਰਜ਼ੀ ਮੁਕਦਮੇ ਪਾ ਜੇਲਾਂ ਵਿੱਚ ਬੰਦ ਕਰਨ ਨੂੰ ਸਿਧੇ ਤੌਰ ਤੇ ਲੋਕਤੰਤਰ ਦੀ ਹੱਤਿਆ ਦੱਸਿਆ, ਸਿੱਧੂ ਨੇ ਕਿਹਾ ਕਿ ਜੌ ਕਿਸਾਨ ਜਥਬੰਦੀਆ ਐਲਾਨ ਕਰਨਗੀਆਂ ਉਹ ਉਸ ਨੂੰ ਪੂਰਾ ਕਰਨਗੇ।
ਮੰਚ ਨੇ ਐਲਾਨ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਫਰਜ਼ੀ ਮੁਕੱਦਮੇ ਲਾ ਕੇ ਪ੍ਰੇਸ਼ਾਨ ਨਾ ਕਰੇ, ਕਿਸਾਨ ਡਰਨ ਵਾਲੇ ਨਹੀਂ ਨੇ। ਕਿਸਾਨਾਂ ਵਿੱਚ ਦਹਿਸ਼ਤ ਪਾਉਣ ਦੇ ਇਰਦੇ ਨਾਲ ਹਰਿਆਣਾ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਨਵਦੀਪ ਸਿੰਘ ਜਲਵੇੜਾ, ਗੁਰਕਿਰਤ ਸਿੰਘ, ਰਵਿੰਦਰ ਰਵੀ ਤੇ ਅਨੀਸ਼ ਖਟਕੜ ਦੀ ਰਿਹਾਈ ਲਈ ਕੱਲ ਪ੍ਰੈੱਸ ਕਾਨਫਰੰਸ ਕਰ 7 ਮਾਰਚ ਨੂੰ ਇਕ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਮੰਚ ਨੇ ਕਿਹਾ ਕਿ ਭਾਜਪਾ ਯਾਦ ਰੱਖੇ ਕੀ ਦਿੱਲੀ ਦੀ ਸੱਤਾ ਦਾ ਰਾਸਤਾ ਪਿੰਡਾ ਵਿੱਚੋ ਹੀ ਹੋਕੇ ਜਾਂਦਾ ਹੈ। ਕਿਸਾਨ ਆਉਣ ਆਲੇ ਸਮੇਂ ਵਿੱਚ ਇਸ ਜ਼ੁਲਮ ਦਾ ਜਬਾਬ ਦੇਣਗੇ।