ਬਿਉਰੋ ਰਿਪੋਰਟ : ਸ਼ਰਾਬ ਨੀਤੀ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ । ਜਸਟਿਸ ਸਵਰਣਕਾਂਤਾ ਸ਼ਰਮਾ ਦੀ ਕੋਰਟ ਨੇ ਈਡੀ ਨੂੰ ਨੋਟਿਸ ਦਾ ਜਵਾਬ ਦੇਣ ਲਈ 2 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ । ਇਸ ਤੋਂ ਪਹਿਲਾਂ ਕੇਜਰੀਵਾਲ ਦੇ ਵਕੀਲ ਨੇ ਈਡੀ ਦੀ ਰਿਮਾਂਡ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ । ਦੋਵਾਂ ਪੱਖਾ ਨੇ ਤਕਰੀਬਨ ਡੇਢ ਘੰਟੇ ਤੱਕ ਬਹਿਸ ਕੀਤੀ,ਈਡੀ ਨੇ ਜਵਾਬ ਫਾਈਲ ਕਰਨ ਦੇ ਲਈ ਸਮਾਂ ਮੰਗਿਆ ਸੀ ਜਦਕਿ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੇ ਅੱਜ ਹੀ ਫੈਸਲਾ ਸੁਣਾਉਣ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਅਦਾਲਤ ਨੇ ਈਡੀ ਨੂੰ ਜਵਾਬ ਦਾਖਲ ਕਰਨ ਦੇ ਲਈ 3 ਅਪ੍ਰੈਲ ਤੱਕ ਦਾ ਸਮਾਂ ਦੇ ਦਿੱਤਾ ਹੈ ।
28 ਮਾਰਚ ਨੂੰ ਕੇਜਰੀਵਾਲ ਦੀ ਰਿਮਾਂਡ ਖਤਮ ਹੋ ਰਹੀ ਹੈ । ਇਸ ਮਾਮਲੇ ਵਿੱਚ ਵੀਰਵਾਰ ਨੂੰ ਰਾਊਸ ਐਵਨਿਊ ਕੋਰਟ ਵਿੱਚ ਸੁਣਵਾਈ ਹੈ । ਇਸ ਤੋਂ ਇਲਾਵਾ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਜਨਹਿੱਟ ਪਟੀਸ਼ਨ ‘ਤੇ ਵੀ ਵੀਰਵਾਰ ਨੂੰ ਸੁਣਵਾਈ ਹੈ । ਦਿੱਲੀ ਹਾਈਕੋਰਟ ਦੇ ACJ ਮਨਮੋਹਨ ਸਿੰਘ ਦੀ ਡਿਵੀਜਨਲ ਬੈਂਚ ਵਿੱਚ ਸੁਣਵਾਈ ਹੋਵੇਗੀ । ਉਧਰ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 28 ਮਾਰਚ ਨੂੰ ਪੇਸ਼ੀ ਦੌਰਾਨ ਕੇਜਰੀਵਾਲ ਸ਼ਰਾਬ ਘੁਟਾਲੇ ਨਾਲ ਜੁੜਿਆ ਵੱਡਾ ਖੁਲਾਸਾ ਕਰਨ ਜਾ ਰਹੇ ਹਨ । ਉਨ੍ਹਾਂ ਨੇ ਕਿਹਾ 2 ਸਾਲਾਂ ਵਿੱਚ 200 ਥਾਵਾਂ ‘ਤੇ ਰੇਡ ਹੋਈ,ਮਨੀਸ਼ ਸਿਸੋਦੀਆ,ਸਤੇਂਦਰ ਜੈਨ ਤੋਂ ਲੈਕੇ ਸਾਡੇ ਘਰ ਵਿੱਚ ਵੀ ਈਡੀ ਦੀ ਰੇਡ ਹੋਈ ਸਿਰਫ਼ 73 ਹਜ਼ਾਰ ਮਿਲੇ । ਹੁਣ ਤੱਕ ਕਥਿੱਤ ਸ਼ਰਾਬ ਘੁਟਾਲੇ ਵਿੱਚ ਈਡੀ ਕੈਸ਼ ਬਰਾਮਦ ਨਹੀਂ ਕਰ ਸਕੀ ਹੈ ।
22 ਮਾਰਚ ਨੂੰ ਈਡੀ ਨੇ ਜਦੋਂ ਕੇਜਰੀਵਾਲ ਨੂੰ ਰਿਮਾਂਡ ‘ਤੇ ਲਿਆ ਸੀ ਤਾਂ 2 ਦਿਨ ਬਾਅਦ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਆਪਣਾ ਪੁਰਾਣੇ ਫੋਨ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਈਡੀ ਨੇ ਹੁਣ ਤੱਕ ਸ਼ਰਾਬ ਘੁਟਾਲੇ ਵਿੱਚ 38 ਲੋਕਾਂ ਨੂੰ ਗ੍ਰਿਫਤਾਰੀ ਕੀਤਾ ਹੈ । 170 ਤੋਂ ਵੱਧ ਫੋਨ ਦੀ ਤਲਾਸ਼ ਹੈ, ਹੁਣ ਤੱਕ ਸਿਰਫ਼ 17 ਫੋਨ ਹੀ ਬਰਾਮਦ ਹੋਏ ਹਨ । ਇੰਨਾਂ ਫੋਨ ਦੇ ਜ਼ਰੀਏ ਹੀ ਹੁਣ ਤੱਕ ਗ੍ਰਿਫਤਾਰੀ ਹੋਈ ਹੈ ।