India Punjab

‘Welcome ਟੂ ਤਿਹਾੜ ਕਲੱਬ,ਚੇਅਰਮੈਨ ਕੇਜਰੀਵਾਲ’ ! ‘3 ਨੰਬਰ ਜੇਲ੍ਹ ‘ਚ ਰੱਖੋ’ ! ‘ਪੰਜਾਬ ਸ਼ਿਫਟ ਕਰੋ’ ‘ਮੇਰੇ ਲਈ ਪ੍ਰਾਥਨਾ ਕਰੋ’!

 

ਬਿਉਰੋ ਰਿਪੋਰਟ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣਗੇ,6 ਦਿਨ ਦੀ ਰਿਮਾਂਡ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਾਫ ਕਰ ਦਿੱਤਾ ਸੀ । ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਉਨ੍ਹਾਂ ਦਾ ਸੁਨੇਹਾ ਦਿੱਲੀ ਦੀ ਜਨਤਾ ਨੂੰ ਸਣਾਇਆ ਹੈ । ਉਧਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਿੱਲੀ ਵਿੱਚ ਡੱਟੇ ਹੋਏ ਹਨ । ਦਿੱਲੀ ਦੀ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਦੇ ਨਾਲ ਦਿੱਲੀ ਦੇ ਸ਼ਹੀਦੀ ਪਾਰਕ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ।

ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ ਮੈਡੀਕਲ ਪਰੇਸ਼ਾਨੀ ਦੀ ਵਜ੍ਹਾ ਕਰਕੇ ਘਰ ਦਾ ਖਾਣਾ ਖਾਉਣ ਦੀ ਇਜਾਜ਼ਤ ਦਿੱਤੀ ਹੈ ਉਨ੍ਹਾਂ ਨੂੰ ਏਅਰ ਕੰਡੀਸ਼ਨ ਕਮਰੇ ਵਿੱਚ ਰੱਖਿਆ ਗਿਆ ਹੈ । ਵਕੀਲ ਅਤੇ ਪਤਨੀ ਉਨ੍ਹਾਂ ਨੂੰ ਰੋਜ਼ ਮਿਲ ਸਕਣਗੇ । ਈਡੀ ਕੈਮਰਿਆਂ ਦੀ ਨਿਗਰਾਨੀ ਵਿੱਚ ਕੇਜਰੀਵਾਲ ਕੋਲੋ ਪੁੱਛ-ਗਿੱਛ ਕਰੇਗੀ । ਸ਼ਨਿੱਚਰਵਾਰ ਦੁਪਹਿਰ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਪਤੀ ਕੇਰਜੀਵਾਲ ਦਾ ਜੇਲ੍ਹ ਤੋਂ ਭੇਜਿਆ 3 ਮਿੰਟ 21 ਸੈਕੰਡ ਦਾ ਮੈਸੇਜ ਪੜਿਆ । ਸੰਦੇਸ਼ ਵਿੱਚ ਕਿਹਾ ਗਿਆ ਮੈਂ ਬਹੁਤ ਸੰਘਰਸ਼ ਕੀਤਾ ਹੈ । ਅੱਗੇ ਵੀ ਮੇਰੀ ਜ਼ਿੰਦਗੀ ਵਿੱਚ ਵੱਡੀ ਲੜਾਈ ਹੈ । AAP ਵਰਕਰਾਂ ਨੂੰ ਅਪੀਲ ਹੈ ਕਿ ਮੇਰੀ ਗ੍ਰਿਫਤਾਰੀ ਦੇ ਬਾਵਜੂਦ ਤੁਸੀਂ ਬੀਜੇਪੀ ਨਾਲ ਨਫਰਤ ਨਾ ਕਰਨਾ । ਕੇਜਰੀਵਾਲ ਨੇ ਕਿਹਾ ਮੈਂ ਆਪਣੀ ਭੈਣਾ ਅਤੇ ਮਾਵਾਂ ਨਾਲ 1 ਹਜ਼ਾਰ ਰੁਪਏ ਦੇਣ ਦਾ ਜਿਹੜਾ ਵਾਧਾ ਕੀਤਾ ਹੈ ਉਹ ਜ਼ਰੂਰ ਪੂਰਾ ਕਰਾਂਗਾ,ਤੁਸੀਂ ਚਿੰਤਾ ਨਾ ਕਰੋ ਅਜਿਹੀ ਸਲਾਖਾ ਨਹੀਂ ਹਨ ਜੋ ਤੁਹਾਡੇ ਪੁੱਤਰ ਨੂੰ ਜ਼ਿਆਦਾ ਦੇਰ ਅੰਦਰ ਰੱਖ ਸਕਣ । ਤੁਸੀਂ ਮੰਦਰ ਜਾਣਾ ਅਤੇ ਮੇਰੇ ਲਈ ਦੁਆਵਾਂ ਮੰਗਣਾ ।

ਉਧਰ ਤਿਹਾੜ ਜੇਲ੍ਹ ਵਿੱਚ ਬੰਦ ਠੱਗ ਸੁਰੇਸ਼ ਨੇ ਕੇਜਰੀਵਾਲ ਦੇ ਨਾਂ ਚਿੱਠੀ ਲਿਖੀ ਹੈ । ਜਿਸ ਵਿੱਚ ਉਸ ਨੇ ਲਿਖਿਆ ਹੈ ਡੀਅਰ ਬ੍ਰਦਰ ਅਰਵਿੰਦ ਕੇਜਰੀਵਾਲ,ਵੈਲਕਮ ਟੂ ਤਿਹਾੜ ਕਲੱਬ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਤਿੰਨੋਂ ਭਰਾ ਤਿਹਾੜ ਕਲੱਬ ਚਲਾਉਣਗੇ,ਚੇਅਰਮੈਨ ਬਿੱਗ ਬਾਸ ਅਰਵਿੰਦਰ ਕੇਜਰੀਵਾਰ,CEO ਮਨੀਸ਼ ਸਿਸੋਦੀਆ,COO ਸਤੇਂਦਰ ਜੈਨ । ਸੁਰੇਸ਼ ਠੱਗ ਕਈ ਵਾਰ ਜੇਲ੍ਹ ਦੇ ਅੰਦਰੋ ਐਲਜੀ ਨੂੰ ਕੇਜਰੀਵਾਲ ਖਿਲਾਫ ਪੈਸਾ ਮੰਗਣ ਦੀ ਸ਼ਿਕਾਇਤ ਕਰ ਚੁੱਕਾ ਸੀ ।

ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚੇ । ਦਿੱਲੀ ਦੇ ਸ਼ਹੀਦੀ ਪਾਰਕ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮੁੱਖ ਮੰਤਰੀ ਮਾਨ ਨੇ ਕਿਹਾ ਅੱਜ ਸ਼ਹੀਦਾਂ ਦੀ ਆਤਮਾ ਤੜਪ ਰਹੀ ਹੋਵੇਗੀ ਕਿ ਅੱਜ ਦੇਸ਼ ਦਾ ਲੋਕਤੰਤਰ ਖਤਮ ਹੋ ਰਿਹਾ ਹੈ। ਬੀਜੇਪੀ ਜਿੱਥੇ ਨਹੀਂ ਜਿੱਤੀ ਰਾਜਪਾਲਾ ਨੂੰ ਅੱਗੇ ਕੀਤਾ । ਮੈਂ 140 ਕਰੋੜ ਭਾਰਤੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਕੱਠੇ ਹੋਵੋ ਨਹੀਂ ਤਾਂ ਦੇਸ਼ ਬਰਬਾਦ ਹੋ ਜਾਵੇਗਾ ।

ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਐਕਸਾਇਜ਼ ਪਾਲਿਸੀ ਦੀ ਜਾਂਚ ਦੀ ਮੰਗ ਕੀਤੀ । ਜਾਖੜ ਨੇ ਕਿਹਾ ਈਡੀ ਨੂੰ ਜਾਂਚ ਸੌਂਪੀ ਜਾਵੇ,ਸੁਪਰ ਸੀਐੱਮ ਰਾਘਵ ਚੱਢਾ ਦੀ ਚੰਡੀਗੜ੍ਹ ਵਾਲੀ ਕੋਠੀ ਦੀ ਜਾਂਚ ਹੋਵੇ ਉਸ ਤੋਂ ਪਹਿਲਾਂ ਕਿ ਉਹ ਸਾਰੇ ਦਸਤਾਵੇਜ਼ ਗਾਇਬ ਕਰ ਦੇਣ । ਜਾਖੜ ਨੇ ਐਕਸਾਇਜ਼ ਮੰਤਰੀ ਹਰਪਾਲ ਚੀਮਾ ਨੂੰ ਪੁੱਛਿਆ ਕਿ ਤੁਸੀਂ ਦਸੋਂ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲੈਕੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੀਟਿੰਗ ਕੀਤੀ ਸੀ,ਜਿੰਨਾਂ ਨੂੰ ਈਡੀ ਨੇ ਸ਼ਰਾਬ ਘੁਟਾਲੇ ਵਿੱਚ ਫੜਿਆ ਸੀ ।

ਜਾਖੜ ਨੇ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਸਰਕਾਰ ਚਲਾਉਣ ‘ਤੇ ਤੰਜ ਕੱਸ ਦੇ ਹੋਏ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਹਾਂ ਕਿ ਤੁਸੀਂ ਕੇਜਰੀਵਾਲ ਅਤੇ ਉਨ੍ਹਾਂ ਦੇ ਜੇਲ਼੍ਹ ਵਿੱਚ ਬੰਦ ਮੰਤਰੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਵਾਉ ਅਤੇ ਅਰਾਮ ਨਾਲ ਸਰਕਾਰ ਚਲਾਉ,ਕਿਉਂਕਿ ਗੈਂਗਸਟਰ ਜਦੋਂ ਇੰਟਰਵਿਊ ਦੇ ਸਕਦੇ ਹਨ ਤਾਂ ਸਰਕਾਰ ਵੀ ਚੱਲ ਸਕਦੀ ਹੈ ।

ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਤੰਜ ਕੱਸ ਦੇ ਹੋਏ ਕਿਹਾ ਮੈਂਨੂੰ ਤਿਹਾੜ ਦਾ ਬਹੁਤ ਤਜ਼ੁਰਬਾ ਹੈ, ਮੈਂ ਜੇਲ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਕਿ ਉਹ ਕੇਜਰੀਵਾਲ ਨੂੰ 3 ਨੰਬਰ ਜੇਲ੍ਹ ਦੀਆਂ 16 ਚੱਕੀਆਂ ਵਿੱਚ ਰੱਖਣ । ਜਿੱਥੇ ਫਾਂਸੀ ਲਗਾਈ ਜਾਂਦੀ ਹੈ,ਉਹ ਸ਼ਾਂਤੀ ਵਾਲਾ ਇਲਾਕਾ ਹੈ ਜਿੱਥੇ ਉਹ ਵਿਪਾਸਨਾ ਅਰਾਮ ਨਾਲ ਕਰ ਸਕਣਗੇ ।