India Punjab

ED ਵੱਲੋਂ CM ਕੇਜਰੀਵਾਲ ਗ੍ਰਿਫਤਾਰ ! ਦਿੱਲੀ ਦੇ ਨਵੇਂ CM ‘ਤੇ ਸਪੀਕਰ ਦਾ ਵੱਡਾ ਬਿਆਨ

ਬਿਉਰੋ ਰਿਪੋਰਟ : ਸ਼ਰਾਬ ਘੁਟਾਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਦਿੱਲੀ ਹਾਈਕੋਰਟ ਨੇ ਦੁਪਹਿਰ ਤਕਰੀਬਨ ਸਾਢੇ 3 ਵਜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਅਪੀਲ ਰੱਦ ਕਰ ਦਿੱਤੀ ਸੀ। ਸਵੇਰੇ ਸਾਢੇ 12 ਵਜੇ ਸੁਣਵਾਈ ਸ਼ੁਰੂ ਹੋਈ ਸੀ, ਲੰਮੀ ਬਹਿਸ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ । ਜਿਸ ਦੇ ਬਾਅਦ ED ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਸ਼ਾਮ 7 ਵਜੇ ਪਹੁੰਚ ਗਈ ਹੈ । ਟੀਮ ਆਪਣੇ ਨਾਲ ਸਰਚ ਵਾਰੰਟ ਲੈਕੇ ਦਾਖਲ ਹੋਈ ਸੀ । ਇਸ ਦੌਰਾਨ ਈਡੀ ਨੇ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਫੋਨ ਜ਼ਬਤ ਕੀਤਾ ਅਤੇ ਫਿਰ ਪੁੱਛ-ਗਿੱਛ ਕੀਤੀ । ਤਕਰੀਬਨ 2 ਘੰਟੇ ਬਾਅਦ ਕੇਜਰੀਵਾਲ ਨੂੰ ਰਾਤ ਸਵਾ 9 ਵਜੇ ਗ੍ਰਿਫਤਾਰ ਕੀਤਾ ਗਿਆ । ਉਧਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਦੀ ਲੀਗਲ ਟੀਮ ਸੁਪਰੀਮ ਕੋਰਟ ਪਹੁੰਚ ਗਈ ਹੈ । ਅੱਜ ਰਾਤ ਨੂੰ ਸੁਣਵਾਈ ਹੋ ਸਕਦੀ ਹੈ । ED ਦੇ 9 ਸੰਮਨ ‘ਤੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ।

ਕੇਜਰੀਵਾਲ ਦੇ ਘਰ ਜਿਵੇਂ ਹੀ ED ਦੀ ਟੀਮ ਦੇ ਪਹੁੰਚਣ ਦੀ ਖਬਰ ਮਿਲੀ,ਮੰਤਰੀ ਸੌਰਵ ਭਾਰਦਵਾਜ,ਆਤਿਸ਼ੀ ਅਤੇ ਸਪੀਕਰ ਰਾਮ ਨਿਵਾਸ ਅਤੇ ਦਿੱਲੀ ਦੀ ਮੇਅਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਸਾਰਿਆਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕੇਜਰੀਵਾਲ ਹੀ ਸੀਐੱਮ ਰਹਿਣ ਅਤੇ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ । ਵੇਖਦੇ ਹੀ ਵੇਖਦੇ ਵੱਡੀ ਗਿਣਤੀ ਵਿੱਚ ਵਰਕਰ ਵੀ ਇਕੱਠੇ ਹੋ ਗਏ । ਦਿੱਲੀ ਪੁਲਿਸ ਨੇ ਧਾਰਾ 144 ਲੱਗਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ । ਕੇਜਰੀਵਾਲ ਦੇ ਘਰ ਦੇ ਆਲੇ ਦੁਆਲੇ ਪੈਰਾਮਿਲਟ੍ਰੀ ਫੋਰਸ ਦੀ ਤਾਇਨਾਤੀ ਕਰ ਦਿੱਤੀ ਗਈ ਸੀ । ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਬੀਜੇਪੀ ਦੀ ਸਿਆਸੀ ਟੀਮ (ED),ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ ਹੈ । ਕਿਉਂਕਿ AAP ਹੀ BJP ਨੂੰ ਰੋਕ ਸਕਦੀ ਹੈ । ਸੋਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਹੈ ।

ਹਾਈਕੋਰਟ ਤੋਂ ਕੇਜਰੀਵਾਲ ਨੂੰ ਝਟਕਾ

ਕੇਜਰੀਵਾਲ ਆਪਣੀ ਗ੍ਰਿਫਤਾਰੀ ਤੇ ਰੋਕ ਲਗਾਉਣ ਦੇ ਲਈ ਦਿੱਲੀ ਹਾਈਕੋਰਟ ਪਹੁੰਚੇ ਸਨ । ਬੀਤੇ ਦਿਨ ਅਦਾਲਤ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ । ਸਾਢੇ 12 ਵਜੇ ਸੁਣਵਾਈ ਸ਼ੁਰੂ,ਅਦਾਲਤ ਨੇ ਸਾਢੇ ਤਿੰਨ ਵਜੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਗ੍ਰਿਫਤਾਰੀ ਤੋਂ ਰਾਹਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਕੇਜਰੀਵਾਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਪੁੱਛ-ਗਿੱਛ ਦੇ ਲਈ ਉਹ ਈਡੀ ਦੇ ਦਫਤਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕੋਰਟ ਨੇ ਸਾਫ ਕੀਤਾ ਕਿ ਕੇਜਰੀਵਾਲ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਨਹੀਂ ਲਗਾਈ ਜਾ ਸਕਦੀ ਹੈ ।

ED ਨੇ ਕੇਜਰੀਵਾਲ ਨੂੰ 17 ਮਾਰਚ ਨੂੰ 9ਵਾਂ ਸੰਮਨ ਭੇਜਿਆ ਸੀ । ਆਪ ਸੁਪ੍ਰੀਮੋ 19 ਮਾਰਚ ਨੂੰ ਸੰਮਨ ਦੇ ਖਿਲਾਫ ਦਿੱਲੀ ਹਾਈਕੋਰਟ ਪਹੁੰਚੇ ਸਨ । ਅਦਾਲਤ ਨੇ 20 ਮਾਰਚ ਨੂੰ ਵਾਰ-ਵਾਰ ਸੰਮਨ ਦੇ ਲਈ ED ਨੂੰ ਤਲਬ ਕੀਤਾ ਸੀ। ਕੋਰਟ ਨੇ ASG ਐਸਵੀ ਰਾਜੂ ਜੋ ਈਡੀ ਵੱਲੋਂ ਪੇਸ਼ ਹੋਏ ਸਨ ਉਨ੍ਹਾਂ ਨੂੰ ਪੁੱਛਿਆ ਕੀ ਤੁਹਾਨੂੰ ਗ੍ਰਿਫਤਾਰ ਕਰਨ ਨੂੰ ਲਈ ਕਿਸ ਨੇ ਰੋਕਿਆ ? ਤੁਸੀਂ ਵਾਰ-ਵਾਰ ਸੰਮਨ ਕਿਉਂ ਦੇ ਰਹੇ ਹੋ ? AG ਰਾਜੂ ਨੇ ਅਦਾਲਤ ਵਿੱਚ ਦੱਸਿਆ ਅਸੀਂ ਕਦੇ ਨਹੀਂ ਕਿਹਾ ਹੈ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਾਂ ਅਸੀਂ ਉਨ੍ਹਾਂ ਨੂੰ ਜਾਂਚ ਵਿੱਚ ਆਉਣ ਲਈ ਕਿਹਾ ਹੈ । ਅਸੀਂ ਸ਼ਾਇਦ ਗ੍ਰਿਫਤਾਰ ਕਰ ਸਕਦੇ ਹਾਂ ਜਾਂ ਸ਼ਾਇਦ ਨਹੀਂ ਵੀ ।

ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਸੰਮਨ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਹੈ ਕਿ ਕੇਜਰੀਵਾਲ ਮੁਲਜ਼ਮ ਹਨ ਜਾਂ ਫਿਰ ਚਸ਼ਮਦੀਦ ? ਸਿਰਫ ਸਿਆਸੀ ਵਜ੍ਹਾ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਵੇਗੀ । ਅਭਿਸ਼ੇਰ ਮੰਨੂ ਸਿੰਘਵੀ ਨੇ ਕਿਹਾ ਸੁਰਖਿਆ ਮਿਲੇਗੀ ਤਾਂ ਪੇਸ਼ ਹੋਣਗੇ ਮੁੱਖ ਮੰਤਰੀ । ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਈਡੀ ਗ੍ਰਿਫਤਾਰ ਕਰ ਚੁੱਕੀ ਹੈ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ । ਉਹ ਕਿਧਰੇ ਭੱਜ ਨਹੀਂ ਰਹੇ ਹਨ,ਸ਼ਰਤ ਇਹ ਹੈ ਕਿ ਸੁਰੱਖਿਆ ਦਿੱਤੀ ਜਾਵੇ । ਭਾਵੇਂ ਈਡੀ ਇਹ ਨਾ ਦੱਸੇ ਕਿ ਉਨ੍ਹਾਂ ਨੂੰ ਮੁਲਜ਼ਮ ਜਾਂ ਗਵਾਹ ਦੇ ਤੌਰ ‘ਤੇ ਪੇਸ਼ੀ ਲਈ ਬੁਲਾਇਆ ਜਾ ਰਿਹਾ ਹੈ । ਅਦਾਲਤ ਨੇ ਕਿਹਾ ਉਹ ਪੇਸ਼ ਹੋਣਗੇ ਤਾਂ ਹੀ ਪਤਾ ਚੱਲੇਗਾ ।