India Punjab

14 ਮਾਰਚ ਨੂੰ ਦਿੱਲੀ ਮਹਾਂ ਪੰਚਾਇਤ ਤੋਂ ਪਹਿਲਾਂ SKM ਦੇ ਹੱਥ ਵੱਡੀ ਕਾਮਯਾਬੀ ! ਦੁਗਣੀ ਹੋਈ ਤਾਕਤ

ਬਿਉਰੋ ਰਿਪੋਰਟ : 14 ਮਾਰਚ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਮਹਾਂ ਪੰਚਾਇਤ ਤੋਂ ਠੀਕ ਪਹਿਲਾਂ SKM ਨੂੰ ਵੱਡੀ ਸਫਲਤਾਂ ਹੱਥ ਲੱਗੀ ਹੈ । ਹਰਿਆਣਾ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਚੰਢੂਨੀ ਮੁੜ ਤੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੀਟਿੰਗ ਤੋਂ ਬਾਅਦ ਚੰਢੂਨੀ ਨੇ ਇਹ ਫੈਸਲਾ ਲਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਯੂਨੀਅਨ 14 ਮਾਰਚ ਨੂੰ ਦਿੱਲੀ ਪ੍ਰਦਰਸ਼ਨ ਦੌਰਾਨ ਵੱਧ ਚੜ ਕੇ ਹਿੱਸਾ ਲਏਗੀ ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਮੇਰੀ SKM ਨੇ ਜ਼ਿੰਮੇਵਾਰੀ ਲਗਾਈ ਸੀ ਕਿ ਗੁਰਨਾਮ ਸਿੰਘ ਚੰਢੂਨੀ ਦੀ ਯੂਨੀਅਨ ਨੂੰ ਮੁੜ ਤੋਂ ਮੋਰਚੇ ਵਿੱਚ ਸ਼ਾਮਲ ਕਰਵਾਇਆ ਜਾਵੇ । ਉਧਰ ਚੰਢੂਨੀ ਨੇ ਕਿਹਾ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਦੇ ਵੱਡੇ ਭਰਾ ਵਾਂਗ ਹਨ,ਜੇਕਰ ਸਾਨੂੰ ਕਿਸਾਨਾਂ ਦੀ ਲੜਾਈ ਲੜਨੀ ਹੈ ਤਾਂ ਇਕੱਠੇ ਹੋਣ ਦੀ ਜ਼ਰੂਰਤ ਹੈ । ਦਿੱਲੀ ਮਹਾਂ ਪੰਚਾਇਤ ਨੂੰ ਲੈਕੇ ਉਨ੍ਹਾਂ ਨੇ ਕਿਹਾ ਅਸੀਂ ਹਰਿਆਣਾ ਦੇ ਨਾਲ ਰਾਜਸਥਾਨ,ਯੂਪੀ ਅਤੇ ਪੰਜਾਬ ਵਿੱਚ ਆਪਣੀ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਲੀ ਜਾਣ ਲਈ ਤਿਆਰ ਰਹਿਣ ਦੀ ਅਪੀਲ ਕਰ ਦਿੱਤੀ ਹੈ ।ਅਸੀਂ ਗਨੌਰ ਦੀ ਸਬਜ਼ੀ ਮੰਡੀ ਵਿੱਚ ਇਕੱਠੇ ਹੋਵਾਂਗੇ ਅਤੇ ਫਿਰ ਦਿੱਲੀ ਮਾਰਚ ਕਰਾਂਗੇ ।

ਭਾਰਤੀ ਕਿਸਾਨ ਯੂਨੀਅਨ ਚੰਢੂਨੀ ਦੇ ਪ੍ਰਧਾਨ ਨੇ ਕਿਹਾ ਸਾਡੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਮੀਟਿੰਗ ਹੋਈ ਸੀ ਪਰ ਸਾਨੂੰ ਕੋਈ ਚੰਗੇ ਸੰਕੇਤ ਨਹੀਂ ਮਿਲੇ ਸਨ । ਪਰ SKM ਨੇ ਸਾਨੂੰ ਨਾਲ ਆਉਣ ਦੀ ਅਪੀਲ ਕੀਤੀ ਤਾਂ ਅਸੀਂ ਇਕੱਠੇ ਹੋਣ ਦਾ ਫੈਸਲਾ ਲਿਆ ।

ਪਹਿਲੇ ਦਿੱਲੀ ਮੋਰਚੇ ਦੌਰਾਨ ਹੀ ਗੁਰਨਾਮ ਸਿੰਘ ਚੰਢੂਨੀ ਦੇ ਕਈ ਵਾਰ SKM ਦੇ ਨਾਲ ਮਤਭੇਦ ਹੋਏ ਸਨ । ਉਨ੍ਹਾਂ ਨੇ ਕਈ ਵਾਰ ਸੰਯੁਕਤ ਕਿਸਾਨ ਮੋਰਚੋ ਤੋਂ ਵੱਖ ਸਟੈਂਡ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਸਸਪੈਂਡ ਵੀ ਕੀਤਾ ਗਿਆ ਸੀ । ਪਰ ਮੋਰਚਾ ਜਿੱਤਣ ਤੋਂ ਬਾਅਦ ਮਤਭੇਦ ਜ਼ਿਆਦਾ ਹੋ ਗਏ । ਚੰਢੂਨੀ ਹੀ ਉਹ ਪਹਿਲੇ ਕਿਸਾਨ ਆਗੂ ਸਨ ਜਿੰਨਾਂ ਨੇ ਪੰਜਾਬ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਅਤੇ ਪਾਰਟੀ ਵੀ ਬਣਾਈ ਸੀ ।