ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆ ਕੋਲੋਂ ਮੋਬਾਈਲ ਫੋਨ, ਸਪਾਇ ਕੈਮ ਤੇ ਹੋਰ ਸਮਾਨ ਮਿਲਣ ਮਗਰੋਂ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 11 ਸਾਥੀ ਇਸ ਜੇਲ੍ਹ ਵਿਚ ਬੰਦ ਹਨ। ਜਦੋਂ ਸਮਾਨ ਬਰਾਮਦ ਹੋਇਆ ਤਾਂ ਉਸ ਮਗਰੋਂ ਕਾਫੀ ਰੌਲਾ ਪਿਆ ਸੀ। ਉਹਨਾਂ ਨੇ ਇਸ ਮਾਮਲੇ ’ਤੇ ਭੁੱਖ ਹੜਤਾਲ ਵੀ ਕੀਤੀ ਸੀ। ਹੁਣ ਇਹ ਗ੍ਰਿਫਤਾਰੀ ਕੀਤੀ ਗਈ ਹੈ ਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀ 17 ਫਰਵਰੀ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤ ਪਾਲ ਸਿੰਘ ਦੀ ਹਿਰਾਸਤ ਵਿੱਚੋਂ ਮੋਬਾਈਲ ਫੋਨਾਂ ਅਤੇ ਇੱਕ ਜਾਸੂਸੀ ਕੈਮਰੇ ਸਮੇਤ ਇਤਰਾਜ਼ਯੋਗ ਸਮੱਗਰੀ ਦੀ ਬਰਾਮਦਗੀ ਦੇ ਸਬੰਧ ਵਿੱਚ ਹੋਈ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ, ਡਿਬਰੂਗੜ੍ਹ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਨਾਲ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ।
ਨਿਪੇਨ ਦਾਸ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13 (1) ਬੀ ਅਤੇ ਅਸਾਮ ਜੇਲ੍ਹ ਐਕਟ ਦੀ ਧਾਰਾ 75 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।