ਬਿਉਰੋ ਰਿਪੋਰਟ : ਪਟਿਆਲਾ ਵਿੱਚ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਇੱਕ ਹੀ ਪਰਿਵਾਰ ਦੀ 2 ਧੀਆਂ ਦੀ ਮੌਤ ਹੋ ਗਈ ਹੈ । ਇੱਕ ਦਾ ਕਤਲ ਹੋਇਆ ਹੈ ਦੂਜੀ ਧੀ ਭੈਣ ਨਾਲ ਹੋਈ ਵਾਰਦਾਤ ਨੂੰ ਆਪਣੀ ਅੱਖਾਂ ਨਾਲ ਵੇਖਣ ਤੋਂ ਬਾਅਦ ਸਦਮੇ ਵਿੱਚ ਚੱਲੀ ਗਈ ਅਤੇ ਉਸ ਨੇ ਵੀ ਦਮ ਤੋੜ ਦਿੱਤਾ ਹੈ ।
ਮਾਮਲਾ ਪਟਿਆਲਾ ਦੀ ਸੰਜੇ ਕਲੋਨੀ ਦਾ ਹੈ ਜਿੱਥੇ ਸਲਮਾ ਨਾਂ ਦੀ ਨਾਬਾਲਿਗ ਕੁੜੀ ਨੇ ਅਰੁਣ ਨਾਂ ਦੇ ਸ਼ਖਸ ਨਾਲ ਕੁਝ ਸਮੇਂ ਪਹਿਲਾਂ ਵਿਆਹ ਕਰਵਾ ਲਿਆ ਸੀ । ਪਰ ਕੁੜੀ ਨਾਬਾਲਿਗ ਸੀ ਜਿਸ ਦੀ ਵਜ੍ਹਾ ਕਰਕੇ ਉਹ ਆਪਣੇ ਘਰ ਆ ਗਈ ਸੀ। ਜਦੋਂ ਬੀਤੀ ਸ਼ਾਮ ਨੂੰ ਸਲਮਾ ਆਪਣੇ ਘਰ 6 ਸਾਲ ਦੀ ਭੈਣ ਨਾਲ ਆ ਰਹੀ ਸੀ ਤਾਂ ਅਰੁਣ ਮੋਟਰ ਸਾਈਕਲ ‘ਤੇ ਆਇਆ ਅਤੇ ਉਸ ਨੇ ਸਲਮਾ ਦੇ ਢਿੱਡ ਵਿੱਚ ਚਾਕੂ ਮਾਰੇ ਅਤੇ ਫਰਾਰ ਹੋ ਗਿਆ । ਆਲੇ-ਦੁਆਲੇ ਦੇ ਲੋਕਾਂ ਨੇ ਸਲਮਾ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਇਸ ਪੂਰੀ ਵਾਰਦਾਤ ਨੂੰ ਵੇਖਣ ਤੋਂ ਬਾਅਦ 6 ਸਾਲ ਦੀ ਭੈਣ ਦੀ ਤਬੀਅਤ ਵਿਗੜ ਗਈ,ਉਹ ਪਹਿਲਾਂ ਤੋਂ ਵੀ ਬਿਮਾਰ ਸੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਦਮ ਤੋੜ ਦਿੱਤਾ ਹੈ ।