ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਪਿੰਡ ਹਨਸਪੁਰ ਦਾ ਨੌਜਵਾਨ ਪਿਛਲੇ ਸਾਲ ਪਰਿਵਾਰ ਦੇ ਲਈ ਰੋਜ਼ੀ-ਰੋਟੀ ਕਮਾਉਣ ਦੇ ਲਈ ਜਰਮਨੀ ਗਿਆ ਸੀ । ਜਿੱਥੇ ਕੁਝ ਦਿਨ ਪਹਿਲਾਂ ਉਸ ਦਾ ਕੁਝ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ । ਮੁਲਜ਼ਮਾਂ ਨੇ ਉਸ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਹੁਣ ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ ।
ਮ੍ਰਿਤਕ ਦੀ ਪਛਾਣ ਪਿੰਡ ਹਸਨਪੁਰ ਦੇ ਬਲਜੀਤ ਸਿੰਘ ਉਰਫ ਜੋਕੀ ਦੇ ਰੂਪ ਵਿੱਚ ਹੋਈ ਹੈ । ਜਿਸ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ । ਨੌਜਵਾਨ ਦੀ ਮੌਤ ਦੇ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ । ਉਧਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਮ੍ਰਿਤਕ ਦੀ ਦੇਹ ਜਲਦ ਤੋਂ ਜਲਦ ਪੰਜਾਬ ਲਿਆਏ ਤਾਂਕੀ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ ।
2 ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮ੍ਰਿਤਕ ਬਲਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਬਲਜੀਤ ਸਿੰਘ ਦੇ 2 ਬੱਚੇ ਹਨ । ਬਲਜੀਤ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਰੋਜ਼ੀ-ਰੋਟੀ ਕਮਾਉਣ ਦੇ ਲਈ ਪਿਛਲੇ ਸਾਲ ਜਨਮਨੀ ਗਿਆ ਸੀ । ਫਿਲਹਾਲ ਬਰਲਿਨ ਵਿੱਚ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਸੀ । ਬੀਤੇ ਦਿਨ ਆਪਣੇ ਘਰ ਦੇ ਬਾਹਰ ਖੜੇ ਕੁਝ ਪਾਕਿਸਤਾਨੀ ਨੌਜਵਾਨ ਨਾਲ ਝਗੜਾ ਹੋ ਗਿਆ । ਮੁਲਜ਼ਮ ਨੇ ਉਸ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ । ਜਿਸ ਨਾਲ ਉਹ ਗੰਭੀਰ ਤੌਰ ‘ਤੇ ਜਖਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ।
ਰਣਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਕਿ ਬਲਜੀਤ ਦਾ ਕਤਲ ਹੋ ਗਿਆ ਹੈ । ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ । ਬਲਜੀਤ ਦੀ ਪਤਨੀ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ,ਉਨ੍ਹਾਂ ਨੂੰ ਇਹ ਕਿਸੇ ਡਰਾਉਣੇ ਸੁਪਣੇ ਵਰਗਾ ਲੱਗ ਰਿਹਾ ਹੈ ।