ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦੀ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ । ਅੰਮ੍ਰਿਤਸਰ ਦੇ ਰਜਿੰਦਰ ਸਿੰਘ ਉਰਫ਼ ਸੰਨੀ ਨਾਂ ਦੇ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਨੇ ਆਪਣੇ ਗੁਆਂਢੀ ਨਸ਼ਾ ਤਸਕਰ ਤੋਂ ਪਰੇਸ਼ਾਨ ਹੋ ਕੇ ਘਰ ਦੇ ਬਾਹਰ ਕੈਮਰਾ ਲਗਾਇਆ ਸੀ । ਗੁਆਂਢੀ ਮੇਹਤਾਬ ਸਿੰਘ ਉਰਫ ਛੋਟਾ ਰਾਜਨ ਉਸ ਦੀ ਪਤਨੀ ਸੁਨੀਤਾ ਰਾਣੀ ਅਤੇ ਸੁਖਦੇਵ ਸਿੰਘ ਨੂੰ ਇਹ ਪਸੰਦ ਨਹੀਂ ਆਈ । ਫਿਰ ਤਿੰਨਾਂ ਨੇ ਮਿਲਕੇ ਸੰਨੀ ਦਾ ਕਤਲ ਕਰ ਦਿੱਤਾ।
ਸਭ ਤੋਂ ਪਹਿਲਾਂ ਗੁਆਂਢੀਆਂ ਨੇ ਸੰਨੀ ਦੇ ਪਿਤਾ ਗੁਰਦੇਵ ਸਿੰਘ ‘ਤੇ ਦਾਤਰ ਨਾਲ ਹਮਲਾ ਕੀਤਾ । ਸੰਨੀ ਆਪਣੇ ਪਿਤਾ ਨੂੰ ਪੁਲਿਸ ਸਟੇਸ਼ਨ ਲੈਕੇ ਗਿਆ ਜਿੱਥੇ ਉਨ੍ਹਾਂ ਨੂੰ ਪਿਤਾ ਦਾ ਮੈਡੀਕਲ ਕਰਵਾਉਣ ਲਈ ਭੇਜਿਆ । ਰਸਤੇ ਵਿੱਚ ਸੰਨੀ ਅਤੇ ਪਿਤਾ ਗੁਰਦੇਵ ਦਾ ਮੇਹਤਾਬ,ਸੁਖਦੇਵ ਉਸ ਦੇ ਸਾਥੀ ਪਿੱਛਾ ਕਰ ਰਹੇ ਸਨ । ਜਿਵੇਂ ਹੀ ਸੰਨੀ ਪਿਤਾ ਦੇ ਨਾਲ ਹਸਪਤਾਲ ਦੇ ਨਜ਼ਦੀਕ ਪਹੁੰਚਿਆ ਉਸ ‘ਤੇ ਚਾਕੂਆਂ ਦੇ ਨਾਲ ਮੇਹਤਾਬ ਨੇ ਹਮਲਾ ਕਰ ਦਿੱਤਾ ਅਤੇ ਉਸ ਦੇ ਢਿੱਡ ਵਿੱਚ ਕਈ ਵਾਰ ਕੀਤੇ ਅਤੇ ਫਰਾਰ ਹੋ ਗਿਆ।
ਸੰਨੀ ਨੂੰ ਹਸਪਤਾਲ ਦੇ ਅੰਦਰ ਬੜੀ ਮੁਸ਼ਕਿਲ ਦੇ ਨਾਲ ਪਹੁੰਚਾਇਆ ਗਿਆ ਪਰ ਇਲਾਜ ਦੇ ਦੌਰਾਨ ਸੰਨੀ ਨੇ ਦਮ ਤੋੜ ਦਿੱਤਾ । ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਵਾਰਦਾਤ ਦੇ ਨਜ਼ਦੀਕ ਹੀ ਪੁਲਿਸ ਮੁਲਾਜ਼ਮ ਖੜੇ ਸਨ ਪਰ ਕਿਸੇ ਨੇ ਮਦਦ ਲਈ ਹੱਥ ਨਹੀਂ ਵਧਾਇਆ । ਪਰ ਪੁਲਿਸ ਦਾ ਦਾਅਵਾ ਹੈ ਕਿ ਸੰਨੀ ਦਾ ਕਤਲ ਹਸਪਤਾਲ ਤੋਂ ਕਾਫੀ ਦੂਰ ਹੋਇਆ ਸੀ ਉੱਥੇ ਪੁਲਿਸ ਮੌਜੂਦ ਨਹੀਂ ਸੀ ।
ਸੰਨੀ ਦਾ 3 ਮਹੀਨੇ ਦਾ ਪੁੱਤਰ ਹੈ ਅਤੇ ਉਹ ਵੀ ਮਾਪਿਆਂ ਦੀ ਇਕਲੌਤੀ ਔਲਾਦ ਸੀ । 2 ਸਾਲ ਪਹਿਲਾਂ ਹੀ ਸੰਨੀ ਦਾ ਵਿਆਹ ਹੋਇਆ ਸੀ । ਇਸ ਮਾਮਲੇ ਵਿੱਚ ADCP ਨਵਜਤੋ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੁਖਦੇਵ ਸਿੰਘ ਉਰਫ ਪ੍ਰਿੰਸ,ਮੇਹਤਾਬ ਸਿੰਘ ਉਰਫ ਛੋਟਾ ਰਾਜਨ ਅਤੇ ਪਤਨੀ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।