ਬਿਉਰੋ ਰਿਪੋਟਰ : ਸ਼ੁਭਕਰਨ ਦੇ ਸਸਕਾਰ ਨੂੰ ਲੈਕੇ ਨਵਾਂ ਮੋੜ ਆ ਗਿਆ ਹੈ । ਕੱਲ ਤੱਕ ਦੱਸਿਆ ਜਾ ਰਿਹਾ ਸੀ ਕਿ ਸ਼ੁਭਕਰਨ ਦੀ ਮਾਂ ਦੀ ਮੌਤ ਹੋ ਗਈ ਸੀ ਪਰ ਪਟਿਆਲਾ ਦੇ ਰਜਿੰਦਰ ਹਸਤਪਾਲ ਵਿੱਚ ਇੱਕ ਔਰਤ ਪਹੁੰਚੀ ਅਤੇ ਉਸ ਨੇ ਦਾਅਵਾ ਕੀਤਾ ਕਿ ਉਹ ਸ਼ੁਭਕਰਨ ਦੀ ਮਾਂ ਅਤੇ ਉਹ ਅਖੀਰਲੀ ਵਾਰ ਪੁੱਤਰ ਨੂੰ ਵੇਖਣ ਦੇ ਲਈ ਪਹੁੰਚੀ ਹੈ। ਉਸ ਨੇ ਮੰਗ ਕੀਤੀ ਮੇਰੇ ਪੁੱਤਰ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇ,ਮੇਰੇ ਪੁੱਤਰ ਦੀ ਮਿੱਟੀ ਖਰਾਬ ਹੋ ਰਹੀ ਹੈ । ਉਨ੍ਹਾਂ ਨੇ ਕਿਸੇ ਦੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਕਰਵਾਉਣਾ ਹੈ । ਜਦਕਿ ਸ਼ੁਕਰਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਮੰਗ ਕੀਤੀ ਸੀ ਜਦੋਂ ਤੱਕ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ FIR ਦਰਜ ਨਹੀਂ ਹੁੰਦੀ ਹੈ ਉਦੋਂ ਤੱਕ ਅਸੀਂ ਪੁੱਤਰ ਦਾ ਸਸਕਾਰ ਨਹੀਂ ਕਰਾਂਗੇ । ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ 1 ਕਰੋੜ ਦੀ ਮਦਦ ਅਤੇ ਸ਼ੁਭਕਰਨ ਦੀ ਭੈਣ ਨੂੰ ਨੌਕਰੀ ਦੇਣ ਦੀ ਮੰਗ ਵੀ ਠੁਕਰਾ ਦਿੱਤੀ ਸੀ ।
ਜਦੋਂ ਸ਼ੁਭਕਰਨ ਦੀ ਮੌਤ ਹੋਈ ਤਾਂ ਦੱਸਿਆ ਜਾ ਰਿਹਾ ਸੀ ਉਸ ਦੀ ਮਾਂ ਦੀ ਮੌਤ ਹੋ ਗਈ ਹੈ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਉਹ ਆਪਣੇ ਦਾਦਾ,ਦਾਦੀ ਕੋਲ ਰਹਿੰਦਾ ਸੀ,ਦਾਦੇ ਦੀ ਮੌਤ ਹੋ ਗਈ ਸੀ ਉਸ ਦੇ ਨਾਲ 2 ਭੈਣਾਂ ਰਹਿੰਦੀਆਂ ਸਨ । ਹੁਣ ਜਿਹੜੀ ਔਰਤ ਰਜਿੰਦਰ ਹਸਪਤਾਲ ਵਿੱਚ ਸ਼ੁਭਕਰਨ ਦੀ ਮਾਂ ਹੋਣ ਦਾ ਦਾਅਵਾ ਕਰ ਰਹੀ ਹੈ ਉਸ ਨੇ ਕਿਹਾ ਕਿ 13 ਸਾਲ ਪਹਿਲਾਂ ਉਹ ਸ਼ੁਭਕਰਨ ਦੇ ਪਿਤਾ ਤੋਂ ਵੱਖ ਹੋ ਗਈ ਸੀ ਕਿਉਂਕਿ ਉਹ ਨਸ਼ਾ ਕਰਦਾ ਸੀ । 4 ਸਾਲ ਪਹਿਲਾਂ ਹੀ ਉਸ ਦਾ ਦੂਜਾ ਵਿਆਹ ਹੋਇਆ ਹੈ । ਪਰ ਸ਼ੁਭਕਰਨ ਆਪਣੇ ਨਾਨਾ-ਨਾਨੀ ਦੇ ਘਰ ਆਉਂਦਾ ਸੀ ਅਤੇ ਕਈ ਦਿਨ ਤੱਕ ਰਹਿੰਦਾ ਸੀ । ਉਸ ਨੇ ਮੋਰਚੇ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਸੀ,ਮੈਂ ਉਸ ਨੂੰ ਜਾਣ ਤੋਂ ਰੋਕਿਆ ਸੀ ਪਰ ਉਹ ਫਿਰ ਵੀ ਚੱਲਾ ਗਿਆ । ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸ਼ੁਭਕਰਨ ਦੀ ਭੈਣਾਂ ਦੇ ਸੰਪਰਕ ਵਿੱਚ ਹੈ । ਜਦੋਂ ਪ੍ਰੈਸ ਨੇ ਔਰਤ ਨੂੰ ਪੁੱਛਿਆ ਕਿ ਉਹ 2 ਦਿਨ ਤੋਂ ਕਿੱਥੇ ਸੀ ਤਾਂ ਉਨ੍ਹਾਂ ਨੇ ਕਿਹਾ ਘਰ ਵਾਲਿਆਂ ਦਾ ਦਬਾਅ ਸੀ ਇਸੇ ਲਈ ਉਹ ਸਾਹਮਣੇ ਨਹੀਂ ਆ ਸਕੇ । ਹਲਾਂਕਿ ਸਵੇਰ ਵੇਲੇ ਹੀ ਪਰਿਵਾਰ ਦੇ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਇਲਜ਼ਾਮ ਲਗਾਇਆ ਸੀ ਕਿ ਪਰਿਵਾਰ ‘ਤੇ ਸਰਕਾਰ ਪੋਸਟਮਾਰਟਮ ਅਤੇ ਸਸਕਾਰ ਦਾ ਦਬਾਅ ਪਾ ਰਹੀ ਹੈ ਪਰ ਜਦੋਂ ਤੱਕ FIR ਦਰਜ ਨਹੀਂ ਹੁੰਦੀ ਹੈ ਤਾਂ ਤੱਕ ਉਹ ਸਸਕਾਰ ਨਹੀਂ ਕਰਨਗੇ ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਾਫ ਕਿਹਾ ਕਿ ਅਸੀਂ ਸ਼ੁਭਕਰਨ ਦੇ ਪਰਿਵਾਰ ਲਈ ਕਿਸਾਨਾਂ ਕੋਲੋ ਮਦਦ ਮੰਗ ਕਰੀਏ ਤਾਂ ਕਰੋੜਾਂ ਰੁਪਏ ਆ ਜਾਣਗੇ ਪਰ ਸਰਕਾਰ ਆਪਣੇ ਸਟੈਂਡ ਤੋਂ ਹੁਣ ਪਿੱਛੇ ਕਿਉਂ ਹੱਟ ਰਹੀ ਹੈ । ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਦੂਜੇ ਪਾਸੇ ਅਧਿਕਾਰੀ ਕਹਿੰਦੇ ਹਨ ਕਿ FIR ਦਰਜ ਨਹੀਂ ਹੋ ਸਕਦੀ ਹੈ। ਅੱਜ ਇੱਕ ਨੌਜਵਾਨ ਨੂੰ ਗੋਲੀ ਮਾਰੀ ਹੈ ਕੱਲ ਦੂਜੇ ਨੂੰ ਮਾਰਨਗੇ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸਰਕਾਰ ਦੇ ਵੱਲੋਂ ਬਠਿੰਡਾ ਦੇ SSP ਨੂੰ ਭੇਜਿਆ ਗਿਆ ਹੈ ਉਨ੍ਹਾਂ ਦਾ ਤਰਕ ਹੈ ਜੇਕਰ ਅਸੀਂ FIR ਦਰਜ ਕਰਾਂਗੇ ਤਾਂ ਉਹ ਵੀ ਸਾਡੇ ਖਿਲਾਫ ਕਰਨਗੇ । ਪਰ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਹਰ ਹਾਲ ਵਿੱਚ ਅਜਿਹੇ ਕੇਸਾਂ ਵਿੱਚ ਮੁਕਦਮਾਂ ਦਰਜ ਹੋਣਾ ਚਾਹੀਦਾ ਹੈ । ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸੇ ਲਈ ਮੀਟਿੰਗ ਵਿੱਚ ਸੱਦਿਆ ਸੀ ਕਿ ਉਹ ਦੱਸਣ ਕੀ ਸਾਡੇ ਤੇ ਕਿਸ ਤਰ੍ਹਾਂ ਜ਼ੁਲਮ ਹੋ ਰਿਹਾ ਹੈ । ਉਧਰ SKM ਨੇ ਪੰਜਾਬ ਸਰਕਾਰ ਦੇ ਵੱਲੋਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ ।
SKM ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਅਤੇ ਭੈਣ ਨੂੰ ਨੌਕਰੀ ਦੇਣ ਦਾ ਫੈਸਲਾ ਸਹੀ ਹੈ। ਪਰ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹਰਿਆਣਾ ਦੇ ਸੀਐੱਮ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦੀ ਹੈ ।