ਬਿਹਾਰ ਦੇ ਲਖੀਸਰਾਏ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ 6 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਹ ਘਟਨਾ ਰਾਮਗੜ੍ਹ ਚੌਕ ਥਾਣਾ ਖੇਤਰ ਦੇ ਪਿੰਡ ਬਿਹਾਰੌਰਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਦੇ ਪਰਖੱਚੇ ਉਡ ਗਏ। ਇਹ ਹਾਦਸਾ ਲਖੀਸਰਾਏ-ਸਿਕੰਦਰਾ ਮੁੱਖ ਸੜਕ ‘ਤੇ ਪਿੰਡ ਬਿਹਾਰੌਰਾ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਆਟੋ ਵਿੱਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਹੋ ਗਈ ਹੈ। ਬਾਕੀ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਪਟਨਾ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਪਹੁੰਚਾਇਆ।
ਇਸ ਹਾਦਸੇ ਵਿੱਚ ਆਟੋ ਚਾਲਕ ਮਨੋਜ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੀਵਾਨਾ ਕੁਮਾਰ, ਛੋਟੂ ਕੁਮਾਰ, ਅਮਿਤ ਕੁਮਾਰ ਅਤੇ ਰਾਮੂ ਕੁਮਾਰ ਦੀ ਪਛਾਣ ਹੋ ਗਈ ਹੈ। ਇਹ ਸਾਰੇ ਮੁੰਗੇਰ ਜ਼ਿਲ੍ਹੇ ਦੇ ਜਮਾਲਪੁਰ ਦੇ ਨਯਾ ਟੋਲਾ ਕੇਸ਼ੋਪੁਰ ਦੇ ਰਹਿਣ ਵਾਲੇ ਸਨ। ਦੂਜੇ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਮ੍ਰਿਤਕਾਂ ਦੇ ਮੋਬਾਇਲ ਫੋਨ ਦੇ ਆਧਾਰ ‘ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਕੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕੁਝ ਜ਼ਖਮੀਆਂ ਦੀ ਪਛਾਣ ਸਾਗਰ ਯਾਦਵ ਵਾਸੀ ਪਚਨਾ ਰੋਡ, ਲਖੀਸਰਾਏ ਅਤੇ ਰਿਤਿਕ ਕੁਮਾਰ ਵਾਸੀ ਮੁੰਗੇਰ ਜਮਾਲਪੁਰ ਵਜੋਂ ਹੋਈ ਹੈ। ਮੌਕੇ ‘ਤੇ ਪੁਲਸ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।