Khetibadi

ਘਰਾਂ ਵਿਚ ਦਾਲਾਂ ਦੀ ਸੰਭਾਲ ਅਤੇ ਕੀੜਿਆਂ ਤੋਂ ਬਚਾਅ ਲਈ ਜੈਵਿਕ ਹੱਲ ਲੱਭਿਆ, ਜਾਣੋ

The Punjab Agricultural University (PAU) has developed an economically viable method to organically manage storage insect-pests of pulses

ਘਰੇਲੂ ਪੱਧਰ ਤੇ ਅਤੇ ਪਰਚੂਨ ਦੁਕਾਨਦਾਰਾਂ ਦੀਆਂ ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਪੀ.ਏ.ਯੂ. ਦੇ ਵਿਗਿਆਨੀਆਂ ਨੇ ਇਕ ਸੌਖਾ, ਵਰਤੋਂ ਲਈ ਤਿਆਰ ਅਤੇ ਜੈਵਿਕ ਹੱਲ ਤਲਾਸ਼ ਕੀਤਾ ਹੈ। ਪੀ.ਏ.ਯੂ. ਦੇ ਵਿਗਿਆਨੀਆਂ ਡਾ. ਮਨਪ੍ਰੀਤ ਕੌਰ ਸੈਣੀ, ਡਾ. ਐੱਮ ਐੱਸ ਆਲਮ, ਡਾ. ਸੁਰੇਖਾ ਭਾਟੀਆ ਅਤੇ ਡਾ. ਅੰਜਲੀ ਸਿੱਧੂ ਨੇ ਸਾਂਝੇ ਰੂਪ ਵਿਚ ‘ਦਾਲਾਂ ਦੀ ਸੁਰੱਖਿਆ ਲਈ ਪੀ.ਏ.ਯੂ. ਸੰਭਾਲ ਕਿੱਟ’ ਇਜ਼ਾਦ ਕੀਤੀ ਹੈ। ਇਹ ਕਿੱਟ ਇੱਕ ਜੈਵਿਕ ਢੰਗ ਹੈ ਜਿਸ ਦੀ ਵਰਤੋਂ ਕਰਕੇ ਸੌਖੇ ਤਰੀਕੇ ਨਾਲ ਘਰਾਂ ਅਤੇ ਛੋੋਟੇ ਦੁਕਾਨਦਾਰਾਂ ਦੀਆਂ ਦਾਲਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ।

ਦਾਲਾਂ ਨੂੰ ਭੰਡਾਰਨ ਕਰਨ ਦੌਰਾਨ ਆਮਤੌਰ ਤੇ ਕੀੜਿਆਂ ਦੀ ਵਜ੍ਹਾ ਕਾਰਨ ਬਹੁਤ ਸਾਰਾ ਨੁਕਸਾਨ ਦੇਖਣ ਨੂੰ ਮਿਲਦਾ ਹੈ। ਇਹਨਾਂ ਵਿਚ ਦਾਲਾਂ ਦੇ ਮੱਕੜੇ, ਅਨਾਜ ਦਾ ਕੀੜਾ, ਮਿਆਰ ਅਤੇ ਮਿਕਦਾਰ ਪੱਖੋਂ ਦਾਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਪੂਰੀ ਦੁਨੀਆਂ ਵਿਚ ਇਹਨਾਂ ਦੀ ਰੋਕਥਾਮ ਲਈ ਕੀਟ ਰੋਕੂ ਰਸਾਇਣਾਂ ਦੀ ਵਰਤੋਂ ਦਾ ਰੁਝਾਨ ਦੇਖਿਆ ਜਾਂਦਾ ਹੈ। ਮੌਜੂਦਾ ਰੂਪ ਵਿਚ ਇਹਨਾਂ ਰਸਾਇਣਾਂ ਦੀ ਵਰਤੋਂ ਹਾਨੀਕਾਰਕ ਵੀ ਹੋ ਸਕਦੀ ਹੈ। ਪੀ.ਏ.ਯੂ. ਮਾਹਿਰਾਂ ਵੱਲੋਂ ਵਿਕਸਿਤ ਕੀਤੀ ਕਿੱਟ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੁਕਾਬਲਤਨ ਸੁਰੱਖਿਆ ਹੱਲ ਪੇਸ਼ ਕਰਦੀ ਹੈ।

ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਕਿੱਟ ਬੇਹੱਦ ਸਸਤੀ ਵਾਤਾਵਰਨ ਅਤੇ ਸਿਹਤ ਪੱਖੀ ਹੈ ਜਿਸ ਨਾਲ ਦਾਲਾਂ ਦੇ ਕੀੜਿਆਂ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ। ਹਰੇਕ ਕਿੱਟ ਦੀ ਕੀਮਤ ਪੰਜ ਰੁਪਏ ਰੱਖੀ ਗਈ ਹੈ ਤਾਂ ਜੋ ਇਸਦੀ ਵਰਤੋਂ ਸਧਾਰਨ ਲੋਕਾਂ ਤੱਕ ਵਧਾਈ ਜਾ ਸਕੇ।

ਵਾਤਾਵਰਨ ਦੀ ਸੰਭਾਲ ਨਾਲ ਜੁੜੀ ਵਾਤਾਵਰਨ ਸੁਰੱਖਿਆ ਏਜੰਜੀ (ਈ ਪੀ ਏ) ਨੇ ਵੀ ਇਸ ਕਿੱਟ ਵਿਚ ਇਸਤੇਮਾਲ ਕੀਤੇ ਜੈਵਿਕ ਮਿਸ਼ਰਣ ਨੂੰ ਸੁਰੱਖਿਅਤ ਪਾਇਆ। ਇਸ ਲਿਹਾਜ਼ ਨਾਲ ਇਹ ਕਿੱਟ ਮਨੁੱਖੀ ਸਿਹਤ ਲਈ ਬੇਹੱਦ ਸੁਰੱਖਿਅਤ ਅਤੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੇ ਖਤਰੇ ਤੋਂ ਮੁਕਤ ਹੈ। ਦਾਲਾਂ ਵਿਚ ਇਸ ਕਿੱਟ ਦੀ ਵਰਤੋਂ 6 ਮਹੀਨਿਆਂ ਦੇ ਵਕਫ਼ੇ ਤੋਂ ਲੈ ਕੇ ਇਕ ਸਾਲ ਤੱਕ ਕੀਤੀ ਜਾ ਸਕਦੀ ਹੈ। ਇਸ ਨਾਲ ਕਿਸੇ ਹੋਰ ਢੰਗ ਤਰੀਕੇ ਨੂੰ ਅਪਨਾਉਣ ਦੀ ਲੋੜ ਵੀ ਨਹੀਂ ਹੁੰਦੀ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਮਾਹਿਰਾਂ ਦੀ ਇਸ ਟੀਮ ਨੂੰ ਸਮਾਜ ਦੀ ਬਿਹਤਰੀ ਲਈ ਵਿਕਸਿਤ ਕੀਤੀ ਇਸ ਤਕਨਾਲੋਜੀ ਲਈ ਵਧਾਈ ਦਿੱਤੀ।