India Punjab

ਪੰਜਾਬ ‘ਚ ਕਿਉਂ ਕੀਤੀ ਇੰਟਰਨੈੱਟ ਸੇਵਾ ਬੰਦ ! ਨਰਾਜ਼ ਮਾਨ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ ! ‘ਤੁਸੀਂ ਪਤੰਗ ਉਡਾਉਣੀ ਬੰਦ ਕਰੋ’

ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ ਵਿਚਾਲੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਇੰਟਰਨੈੱਟ ਸੇਵਾ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ । ਇਸ ਮੁੱਦੇ ਨੂੰ ਲੈਕੇ ਇੱਕ ਵਾਰ ਮੁੜ ਤੋਂ ਪੰਜਾਬ ਅਤੇ ਕੇਂਦਰ ਆਹਮੋ-,ਸਾਹਮਣੇ ਆ ਗਏ ਹਨ । ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਕੇਂਦਰ ਦੇ ਫੈਸਲੇ ‘ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਨਾਲ ਹੀ ਸੇਵਾ ਮੁੜ ਤੋਂ ਬਹਾਰ ਕਰਨ ਦੀ ਮੰਗ ਕੀਤੀ ਹੈ ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰਨਾ ਬਿੱਲਕੁਲ ਗਲਤ ਹੈ । ਮੁੱਖ ਮੰਤਰੀ ਮਾਨ ਨੇ ਆਪ ਇਸ ਦਾ ਨੋਟਿਸ ਲਿਆ ਹੈ ।

ਦਰਅਸਲ ਪੰਜਾਬ ਦੇ ਕਿਸਾਨ ਆਪਣੀ ਲੰਮੀ ਮੰਗਾਂ ਨੂੰ ਲੈਕੇ 12 ਫਰਵਰੀ ਤੋਂ ਫਤਿਹਗੜ੍ਹ ਸਾਹਿਬ ਵਿੱਚ ਇੱਕਜੁਟ ਹੋਏ ਸਨ । ਇਸੇ ਦਿਨ ਰਾਤ ਨੂੰ ਜਦੋਂ ਕੇਂਦਰੀ ਮੰਤਰੀਆਂ ਦੇ ਨਾਲ ਉਨ੍ਹਾਂ ਦੀ ਸਾਢੇ 5 ਘੰਟੇ ਚੱਲੀ ਮੀਟਿੰਗ ਫੇਲ ਰਹੀ ਤਾਂ ਕੇਂਦਰ ਸਰਕਾਰ ਨੇ ਪਬਲਿਕ ਐਮਰਜੈਂਸ ਅਤੇ ਸੇਫਟੀ ਰੂਲ 2017 ਦਾ ਹਵਾਲਾ ਦਿੰਦੇ ਹੋਏ ਇੰਟਰਨੈੱਟ ਸੇਵਾ ਸ੍ਰੀ ਫਤਿਹਗੜ੍ਹ ਸਾਹਿਬ,ਪਟਿਆਲਾ ਅਤੇ ਸੰਗਰੂਰ ਵਿੱਚ ਬੰਦ ਕਰ ਦਿੱਤੀ ।

ਇਸ ਤੋਂ ਪਹਿਲਾਂ ਦੀ ਪੰਜਾਬ ਦੀ ਸਰਹੱਦ ਵਿੱਚ ਡ੍ਰੋਨ ਭੇਜਣ ‘ਤੇ ਪਟਿਆਲਾ ਦੇ ਡੀਸੀ ਨੇ ਅੰਬਾਲਾ ਦੇ ਡੀਸੀ ਅਤੇ ਐੱਸਪੀ ਨੂੰ ਪੱਤਰ ਲਿਖ ਕੇ ਇਤਰਾਜ਼ ਜ਼ਾਹਿਰ ਕੀਤਾ ਸੀ । ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਆਇਆ ਸੀ ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਅਪਰਾਧੀ ਕ੍ਰਾਈਮ ਕਰਕੇ ਪੰਜਾਬ ਭੱਜ ਜਾਵੇ ਤਾਂ ਅਸੀਂ ਉਸ ਦੇ ਖਿਲਾਫ ਕੀ ਕਾਰਵਾਈ ਨਹੀਂ ਕਰਾਂਗੇ । ਪੰਜਾਬ ਕਹਿੰਦਾ ਹੈ ਸਾਡੀ ਸਰਹੱਦ ਵਿੱਚ ਡ੍ਰੋਨ ਨਾ ਭੇਜੋ ਕੀ ਇਹ ਹਿੰਦੂਸਤਾਨ ਅਤੇ ਪਾਕਿਸਤਾਨ ਬਣ ਗਿਆ ਹੈ । ਉਧਰ ਵੀਰਵਾਰ ਨੂੰ ਅੰਬਾਲਾ ਦੇ ਡੀਸੀ ਵੱਲੋਂ ਸ਼ੰਭੂ ਤੇ ਪਤੰਗਾ ਉਡਾਉਣ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ।ਡਿਪਟੀ ਕਮਿਸ਼ਨਰ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਏ। ਪ੍ਰਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇੱਕ ਡ੍ਰੋਨ ਨੂੰ ਪਤੰਗ ਦੀ ਡੋਰ ਨਾਲ ਡੇਗਿਆ ਹੈ। ਹਾਲਾਂਕਿ ਹਰਿਆਣਾ ਪੁਲਿਸ ਨੇ ਇਸ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ। ਡੀਸੀ ਨੇ ਦਾਅਵਾ ਕੀਤਾ ਕਿ ਡ੍ਰੋਨ ਨੇ ਸੰਪਰਕ ਵਿੱਚ ਆਉਣ ‘ਤੇ ਪਤੰਗ ਦੀ ਡੋਰ ਕੱਟੀ ਗਈ ਸੀ।