India Punjab

ਅੱਜ 60 ਕਿਸਾਨ ਜਖ਼ਮੀ ! ਕੱਲ ਦੀ ਰਣਨੀਤੀ ਦਾ ਐਲਾਨ ! ‘ਅਸੀਂ ਦੇਵਾਂਗੇ MSP ਦੀ ਗਰੰਟੀ’ ! ‘ਭਰਾਵੋ ਅੱਜ ਦਾ ਦਿਨ ਇਤਿਹਾਸਕ’!

ਬਿਉਰ ਰਿਪੋਰਟ : ਪੰਜਾਬ ਤੋਂ ਦਿੱਲੀ ਜਾ ਰਹੇ ਕਿਸਾਨਾਂ ਦਾ 13 ਫਰਵਰੀ ਦਾ ਪ੍ਰਦਰਸ਼ਨ ਖਤਮ ਹੋ ਗਿਆ ਹੈ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਨੇ ਇੱਕ ਵੀ ਮੰਗ ਨਹੀਂ ਮੰਨੀ ਹੈ । ਜਦੋਂ ਤੱਕ ਮੁੱਦੇ ਹੱਲ ਨਹੀਂ ਹੋਣਗੇ ਅੰਦੋਲਨ ਚੱਲਦਾ ਰਹੇਗਾ । ਅੱਜ ਸ਼ਾਮ ਹੋਣ ਦੀ ਵਜ੍ਹਾ ਕਰਕੇ ਅਸੀਂ ਅੰਦੋਲਨ ਰੋਕ ਰਹੇ ਹਾਂ । ਕੱਲ ਫਿਰ ਦਿੱਲੀ ਨੂੰ ਕੂਚ ਕਰਾਂਗੇ । ਡੱਲੇਬਾਲ ਨੇ ਕਿਹਾ ਸਰਕਾਰ ਨੇ ਕਿਸਾਨਾਂ ‘ਤੇ ਹਮਲਾ ਕੀਤਾ, ਸਾਡੇ ਨੌਜਵਾਨਾਂ ਨੇ ਸਬਰ ਦੇ ਨਾਲ ਮੁਕਾਬਲਾ ਕੀਤਾ,ਸਾਡੇ 60 ਤੋਂ ਵੱਧ ਨੌਜਵਾਨ ਜਖਮੀ ਹੋਏ ।

ਉਧਰ ਕਿਸਾਨ ਮਨਜ਼ੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਨੇ ਪੰਧੇਰ ਨੇ ਕਿਹਾ ਅੱਜ ਦੇਸ਼ ਲਈ ਕਾਲਾ ਦਿਨ ਹੈ,ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਸੀ । ਪਰ ਸਾਨੂੰ ਰਸਤੇ ਵਿੱਚ ਰੋਕਿਆ ਗਿਆ,ਸਾਡੇ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ । ਪਹਿਲਾਂ ਸਰਕਾਰ ਸਾਡੇ ‘ਤੇ ਰਸਤਾ ਰੋਕਣ ਦਾ ਇਲ਼ਜ਼ਾਮ ਲਗਾਉਂਦੀ ਸੀ ਪਰ ਹੁਣ ਆਪ ਹੀ ਬੈਰੀਗੇਡ ਲੱਗਾ ਕੇ ਰਾਹ ਬੰਦ ਕਰ ਦਿੱਤੇ ਹਨ । ਪੰਧੇਰ ਨੇ ਕਿਹਾ ਅਸੀਂ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਚਾਉਂਦੇ ਸੀ ਪਰ ਸਾਨੂੰ ਮਜ਼ਬੂਰ ਕੀਤਾ ਗਿਆ ਦਿੱਲੀ ਕੂਚ ਕਰਨ ਦੇ ਲਈ। ਕਮੇਟੀ ਦੇ ਜ਼ਰੀਏ ਹੱਲ ਕੱਢਣਾ ਹੁੰਦਾ ਤਾਂ 2 ਸਾਲ ਤੱਕ ਕਿਉਂ ਚੁੱਪ ਬੈਠੇ ਰਹੇ । ਅਸੀਂ 2 ਮਹੀਨੇ ਪਹਿਲਾਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਪਰ ਹੁਣ ਅਖੀਰਲੇ ਵਕਤ ਸਰਕਾਰ ਸਾਡੇ ਨਾਲ ਗੱਲ ਕਰਨ ਦੇ ਲਈ ਪਹੁੰਚੀ ।

ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਮੋਰਚੇ ਨਾਲ ਡਟ ਕੇ ਖੜੇ ਹੋਣ ਦਾ ਐਲਾਨ ਕਰ ਦਿੱਤਾ ਹੈ । ਕਿਸਾਨ ਮੋਰਚੇ ਦੌਰਾਨ ਜਖਮੀ ਹੋਏ ਕਿਸਾਨਾਂ ਦੀ ਮਦਦ ਲਈ ਮਾਨ ਸਰਕਾਰ ਵੱਲੋਂ ਹਰਿਆਣਾ ਦੇ ਨਾਲ ਲੱਗਦੇ ਸੰਗਰੂਰ,ਪਟਿਆਲਾ,ਡੇਰਾਬੱਸੀ,ਮਾਨਸਾ ਤੇ ਬਠਿੰਡਾ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਬਾਰਡਰਾਂ ਤੇ ਐਂਬੂਲੈਂਸਾਂ ਦੀ ਤੈਨਾਤੀ ਵਧਾਈ ਜਾਵੇ । ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹ ਹਸਪਤਾਲ ਵਿੱਚ ਸਟਾਫ ਦੇ ਨਾਲ ਰਹਿਣ । ਪੁਲਿਸ ਕਾਰਵਾਈ ਵਿੱਚ ਗੰਭੀਰ ਕਿਸਾਨਾਂ ਨੂੰ ਫੌਰਨ ਇਲਾਜ਼ ਦਿੱਤਾ ਜਾਵੇ।

ਰਾਹੁਲ ਗਾਂਧੀ ਦੀ MSP ਦੀ ਗਰੰਟੀ

ਰਾਹੁਲ ਗਾਂਧੀ ਨੇ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ਕਿਸਾਨ ਭਰਾਵੋ ਅੱਜ ਦਾ ਦਿਨ ਇਤਿਹਾਸਕ ਹੈ । ਕਾਂਗਰਸ ਨੇ ਹਰ ਕਿਸਾਨ ਨੂੰ ਫਸਲ ਦਾ ਸੁਆਮੀਨਾਥਨ ਕਮੀਸ਼ਨ ਦੇ ਮੁਤਾਬਿਕ MSP ਦੀ ਕਾਨੂੰਨੀ ਗਰੰਟੀ ਦੇਣ ਦਾ ਫੈਸਲਾ ਲਿਆ ਹੈ । ਇਹ ਕਦਮ 15 ਕਰੋੜ ਕਿਸਾਨ ਪਰਿਵਾਰਾਂ ਦੀ ਖੁਸ਼ਹਾਲ ਕਰਕੇ ਜੀਵਨ ਬਦਲ ਦੇਵੇਗਾ। ਉਧਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਹੁਣ ਤੱਕ ਰਾਹੁਲ ਗਾਂਧੀ ਦੀਆਂ ਸਾਰੀਆਂ ਗਰੰਟੀਆਂ ਫੇਲ੍ਹ ਸਾਬਿਤ ਹੋਇਆ ਹਨ ।

ਹਾਈਕੋਰਟ ਪਹੁੰਚਿਆ ਮਾਮਲਾ

ਕਿਸਾਨਾਂ ਦੇ ਦਿੱਲੀ ਕੂਚ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵੀ ਪਹੁੰਚ ਗਿਆ ਹੈ,ਅਦਾਲਤ ਨੇ 15 ਫਰਵਰੀ ਤੱਕ ਕੇਂਦਰ,ਹਰਿਆਣਾ,ਪੰਜਾਬ ਨੂੰ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ । ਹਾਈਕੋਰਟ ਨੇ ਕਿਹਾ ਹੈ ਮਿਲਕੇ ਮਸਲੇ ਦਾ ਹੱਲ ਕੱਢਿਆ ਜਾਵੇ ।

ਹਿਮਾਚਲ ਨੇ ਬੱਸ ਸੇਵਾ ਕੀਤੀ ਬੰਦ

ਉਧਰ ਕਿਸਾਨ ਅੰਦੋਲਨ ਦੇ ਚੱਲਦਿਆ ਹਿਮਾਚਲ ਦੀ ਕੋਈ ਵੀ ਬੱਸ ਫਿਲਹਾਲ ਦਿੱਲੀ ਨਹੀਂ ਜਾਵੇਗੀ । ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ 300 ਤੋਂ ਜ਼ਿਆਦਾ ਬੱਸਾਂ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਜਾਂਦੀਆਂ ਹਨ । ਕੱਲ ਹਰਿਆਣਾ ਪੁਲਿਸ ਦੇ ਫੈਸਲੇ ਦੇ ਬਾਅਦ ਹਿਮਾਚਲ ਨੇ HRTC ਬੱਸਾਂ ਨੂੰ ਦਿੱਲੀ ਨਾ ਭੇਜਣ ਦਾ ਫੈਸਲਾ ਲਿਆ ਸੀ।