India International

ਪਾਕਿਸਤਾਨ ਦੇ ਚੋਣ ਨਤੀਜਿਆਂ ਵਿੱਚ ਵੱਡਾ ਉਲਟ ਫੇਰ ! ਇਮਰਾਨ ਖਾਨ ਵੱਡੀ ਜਿੱਤ,ਨਵਾਜ਼ ਸ਼ਰੀਫ ਦੀ ਸੀਟ ਫਸੀ !

ਬਿਉਰੋ ਰਿਪੋਰਟ : ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ । ਇਸ ਦੌਰਾਨ ਵੱਡੇ ਉਲਟ ਫੇਰ ਦੀਆਂ ਖਬਰਾਂ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਰੁਝਾਨਾ ਵਿੱਚ ਸਾਬਕਾ ਪ੍ਰਧਾਨ ਇਮਰਾਨ ਖਾਨ ਹਮਾਇਤੀ ਅਜ਼ਾਦ ਉਮੀਦਵਾਰ 154 ਸੀਟਾਂ ‘ਤੇ ਅੱਗੇ ਚੱਲ ਰਹੇ ਹਨ । ਇਮਰਾਨ ਖਾਨ ਦੀ ਪਾਰਟੀ ਦਾ ਦਾਅਵਾ ਹੈ ਕਿ ਨਵਾਜ ਸ਼ਰੀਫ ਮਨਸੇਹਰਾ ਅਤੇ ਲਾਹੌਰ ਦੋਵਾਂ ਸੀਟਾਂ ਤੋਂ ਹਾਰ ਗਏ ਹਨ । ਮੁੱਖ ਚੋਣ ਕਮਿਸ਼ਨਰ ਸਿਕੰਦਰ ਰਜਾ ਦੇ ਗਾਇਬ ਹੋਣ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੋਇਆ ਹੈ। ਵੀਰਵਾਰ 8 ਫਰਵਰੀ ਨੂੰ ਵੋਟਿੰਗ ਦੇ ਦੌਰਾਨ ਪੂਰੇ ਮੁਲਕ ਵਿੱਚ ਕਈ ਘੰਟੇ ਤੱਕ ਮੋਬਾਈਲ ਅਤੇ ਇੰਟਰਨੈੱਟ ਸੇਵਾ ਬੰਦ ਰਹੀ । ਕਈ ਨਿਊਜ਼ ਚੈੱਨਲਾਂ ਅਤੇ ਵੈਬਸਾਈਟ ‘ਤੇ ਚੋਣ ਨਤੀਜਿਆਂ ਦੀ ਟੈਲੀ ਨੂੰ ਹਟਾ ਦਿੱਤਾ ਗਿਆ ਹੈ।

ਉਧਰ ਇਹ ਵੀ ਖਬਰ ਆ ਰਹੀ ਹੈ ਕਿ ਸਾਬਕਾ ਪ੍ਰਧਆਨ ਮੰਤਰੀ ਸ਼ਹਿਬਾਜ ਸ਼ਰੀਫ ਆਪਣੀ ਸੀਟ ਲਾਹੌਰ NA 123 ਜਿੱਤ ਚੁੱਕੇ ਹਨ । ਉਨ੍ਹਾਂ ਨੇ 63953 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ। ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਅਜ਼ਾਦ ਚੋਣ ਲੜ ਰਹੇ ਹਨ ਕਿਉਕਿ ਚੋਣ ਕਮਿਸ਼ਨ ਨੇ ਉਨ੍ਹਾਂ ਦਾ ਚੋਣ ਨਿਸ਼ਾਨ ਕ੍ਰਿਕਟ ਦਾ ਬੱਲਾ ਵਾਪਸ ਲੈ ਲਿਆ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ । ਪਾਕਿਸਤਾਨ ਵਿੱਚ ਸਵੇਰ 8 ਵਜੇ ਵੋਟਿੰਗ ਸ਼ੁਰੂ ਹੋਈ ਸੀ ਇਸ ਦੌਰਾਨ 12 ਕਰੋੜ ਲੋਕਾਂ ਨੇ ਨਵੀਂ ਸਰਕਾਰ ਚੁਣਨ ਦੇ ਵੋਟਿੰਗ ਕੀਤੀ ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ ਇੰਨਾਂ ਵਿੱਚੋਂ 265 ਸੀਟਾਂ ‘ਤੇ ਚੋਣ ਹੋ ਰਹੀ ਹੈ । ਬਾਕੀ ਰਿਜ਼ਰਵ ਸੀਟਾਂ ਹਨ । ਪਾਕਿਸਤਾਨ ਵਿੱਚ ਮੁੱਖ ਮੁਕਾਬਲਾ 3 ਪਾਰਟੀਆਂ ਦੇ ਵਿਚਾਲੇ ਹੈ । ਨਵਾਜ ਦੀ ਪਾਕਿਸਤਾਨ ਮੁਸਲਿਮ ਲੀਗ,ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ (PTI) ਅਤੇ ਪਾਕਿਸਤਾਨ ਪੀਪਲ ਪਾਰਟੀ ।