ਬਿਉਰੋ ਰਿਪੋਟਰ : ਪੰਜਾਬ ਪੁਲਿਸ ਦੀ ਸਾਬਕਾ DSP ਰਾਕਾ ਗੇਰਾ ਨੂੰ ਮੁਹਾਲੀ CBI ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 6 ਸਾਲ ਦੀ ਸਜ਼ਾ ਸੁਣਾਈ ਹੈ । ਰਾਕਾ ਗੇਰਾ ‘ਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ । DSP ਰਾਕਾ ਗੇਰਾ ਮੁਹਾਲੀ ਵਿੱਚ ਤਾਇਨਾਤ ਸੀ ਜਦੋਂ ਉਨ੍ਹਾਂ ‘ਤੇ 1 ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਸੀ । ਸਾਬਕਾ ਡੀਐੱਸਪੀ ਨੂੰ ਅਦਾਲਤ ਨੇ 5 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ,ਉਸ ਵੇਲੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ।
DSP ਰਾਕਾ ਕੇਸ ਦੀਆਂ ਵੱਡੀਆਂ ਗੱਲਾਂ
ਸਾਬਕਾ DSP ਰਾਕਾ ਗੇਰਾ ਦੇ ਖਿਲਾਫ ਨਿਊ ਚੰਡੀਗੜ੍ਹ ਦੇ ਇੱਕ ਬਿਲਡਰ ਕੋਲੋ 1 ਲੱਖ ਦੀ ਰਿਸ਼ਤਵ ਮੰਗਣ ਦੀ ਸ਼ਿਕਾਇਤ ਦਿੱਤੀ ਗਈ ਸੀ । ਉਸ ਦੀ ਸ਼ਿਕਾਇਤ ‘ਤੇ ਸੀਬੀਆਈ ਨੇ 2011 ਵਿੱਚ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ । 13 ਸਾਲ ਪਹਿਲਾਂ ਰਾਕਾ ਨੂੰ ਉਨ੍ਹਾਂ ਦੇ ਸੈਕਟਰ 15 ਵਾਲੀ ਕੋਠੀ ਤੋਂ ਗ੍ਰਿਫਤਾਰ ਕੀਤਾ ਸੀ । ਇਸ ਦੇ ਬਾਅਦ CBI ਨੇ ਰਾਕਾ ਗੇਰਾ ਦੀ ਤਲਾਸ਼ੀ ਲਈ ਤਾਂ 90 ਲੱਖ ਰੁਪਏ ਕੈਸ਼ ਬਰਾਮਦ ਹੋਏ ਇਸ ਤੋਂ ਇਲਾਵਾ ਹਥਿਆਰ ਅਤੇ ਕਾਰਤੂਸ ਮਿਲੇ ਸਨ । ਸੀਬੀਆਈ ਨੇ ਉਨ੍ਹਾਂ ਦੇ ਘਰ ਤੋਂ 53 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਸਨ । ਭ੍ਰਿਸ਼ਟਾਚਾਰ ਦੇ ਨਾਲ ਆਰਮਸ ਐਕਟ ਦਾ ਵੀ ਕੇਸ ਦਰਜ ਹੋਇਆ ਸੀ ।
ਇਸ ਦੇ ਬਾਅਦ ਮਾਮਲਾ ਹਾਈਕੋਰਟ ਪਹੁੰਚਿਆ ਜਦੋਂ ਗਵਾਈ ਹੋਈ ਤਾਂ ਰਾਕਾ ਗੇਰਾ ‘ਤੇ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਉਣ ਵਾਲਾ ਬਿਲਡਰ ਮੁਕਰ ਗਿਆ । ਤਕਰੀਬਨ 5 ਸਾਲ ਬਾਅਦ ਹਾਈਕੋਰਟ ਨੇ ਕੇਸ ਦਾ ਟਰਾਇਲ ਰੋਕ ਕੇ ਰੱਖਿਆ। ਅਗਸਤ 2023 ਵਿੱਚ ਹਾਈਕੋਰਟ ਨੇ ਰੋਕ ਹਟਾਈ ਅਤੇ ਸੁਣਵਾਈ ਸ਼ੁਰੂ ਕੀਤੀ। CBI ਦੇ ਵਕੀਲ ਨੇ ਅਦਾਲਤ ਵਿੱਚ ਸ਼ਿਕਾਇਤ ਕਰਕੇ ਬਿਲਡਰ ਅਤੇ ਡੀਸੀਪੀ ਰਾਕਾ ਗੇਰਾ ਦੇ ਵਿਚਾਲੇ ਗੱਲਬਾਤ ਦੇ ਸਬੂਤ ਪੇਸ਼ ਕੀਤੇ । ਜਿਸ ਤੋਂ ਸਾਬਿਤ ਹੋਇਆ ਕੀ ਡੀਐੱਸਪੀ ਨੇ ਰਿਸ਼ਵਤ ਮੰਗੀ ਸੀ ।
ਇਸ ਕੇਸ ਵਿੱਚ 2017 ਵਿੱਚ ਰਾਕਾ ਨੂੰ ਜੁਡੀਸ਼ੀਅਲ ਮੈਜੀਸਟ੍ਰੇਟ ਦੀ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ । ਸਜ਼ਾ ਦੇ ਖਿਲਾਫ ਰਾਕਾ ਨੇ ਉੱਚ ਅਦਾਲਤ ਵਿੱਚ ਅਪੀਲ ਕੀਤੀ ਤਾਂ 2019 ਵਿੱਚ ਜ਼ਿਲ੍ਹਾਂ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ । ਇਸ ਤੋਂ ਬਾਅਦ ਮਾਮਲਾ ਸੀਬੀਆਈ ਕੋਰਟ ਗਿਆ ਅਤੇ ਉਨ੍ਹਾਂ ਨੂੰ 6 ਸਾਲ ਦੀ ਸਜ਼ਾ ਹੋਈ ਹੈ।