International Punjab Religion

ਅਮਰੀਕੀ ਫੌਜ ਦਾ ਪਹਿਲਾਂ ਦਸਤਾਰਧਾਰੀ ਸਿੱਖ ਹੁਣ ਚੋਣ ਮੈਦਾਨ ‘ਚ ਉਤਰੇਗਾ !

ਬਿਉਰੋ ਰਿਪੋਰਟ : ਅਮਰੀਕਾ ਵਿੱਚ ਸਿੱਖੀ ਸਰੂਪ ਦੀ ਲੜਾਈ ਲੜਕੇ 2009 ਵਿੱਚ ਫੌਜ ਵਿੱਚ ਭਰਤੀ ਹੋਣ ਵਾਲੇ ਸਿੱਖ ਲੈਫਟੀਨੈਂਟ ਕਰਨਲ ਡਾਂ. ਤੇਜਦੀਪ ਸਿੰਘ ਰਤਨ ਨੇ ਹੁਣ ਸਿਆਸਤ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ । ਉਹ ਮਾਰਚ 2024 ਵਿੱਚ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ ਮੈਂਬਰ ਵੱਜੋਂ ਚੋਣ ਲੜਨ ਲਈ ਆਪਣੇ ਨਾਂ ਦਾ ਐਲਾਨ ਕਰ ਦਿੱਤਾ ਹੈ ।

ਕੌਂਸਲ ਦੇ 4 ਮੈਂਬਰਾਂ ਨੂੰ ਚੁਨਣ ਦੇ ਲਈ 8 ਉਮੀਦਵਾਰ ਮੈਦਾਨ ਵਿੱਚ ਹਨ,ਇੰਨਾਂ ਵਿੱਚ ਡਾਕਟਰ ਰਤਨ ਹੀ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ । ਸ਼ਹਿਰ ਦੇ ਲੋਕ 5 ਫਰਵਰੀ ਤੋਂ 5 ਮਾਰਚ 2024 ਦੇ ਵਿਚਾਲੇ ਵੋਟਾਂ ਪਾ ਸਕਦੇ ਹਨ।

ਡਾ. ਤੇਜਦੀਪ ਸਿੰਘ 2015 ਤੋਂ ਫੌਜੀ ਦੀ ਸੇਵਾ ਤੋਂ ਫਾਰਕ ਹੋਣ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿੱਚ ਹੀ ਘਰ ਖਰੀਦਿਆ ਸੀ ਜਿੱਥੇ ਉਨ੍ਹਾਂ ਪਤਨੀ ਜਸਜੀਤ ਕੌਰ ਅਤੇ 2 ਬੱਚਿਆਂ ਦੇ ਨਾਲ ਰਹਿੰਦੇ ਹਨ । ਉਹ ਫੌਜ ਵਿੱਚ ਦੰਦਾਂ ਦੇ ਡਾਕਟਰ ਵੱਜੋਂ ਸੇਵਾ ਨਿਭਾਰ ਰਹੇ ਸਨ ।

ਡਾਕਟਰ ਰਤਨ ਨੂੰ ਆਪਣੇ ਸਾਥੀਆਂ ਵਿੱਚ TJ ਦੇ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਕਿਹਾ “ਫੌਜ ਵਿੱਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ, ਅਮਰੀਕਾ ਦੇ ਸਭ ਤੋਂ ਨਵੇਂ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਮਾਊਨਟੇਨ ਹਾਊਸ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਨੂੰ ਵਿਕਸਤ ਕਰਨਾ ਮੇਰਾ ਮੁੱਖ ਮਕਸਦ ਹੈ। ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਯੂ.ਐਸ. ਆਰਮਡ ਫੋਰਸਿਜ਼ ਵਿੱਚ ਮੇਰੀ ਭੂਮਿਕਾ ਅਤੇ ਵਿਲੱਖਣ ਤਜ਼ਰਬਾ, ਮੈਨੂੰ ਸਿਟੀ ਕੌਂਸਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਸਹਾਈ ਹੋਵੇਗਾ।”

ਸ਼ਹਿਰ ਵਾਸੀਆਂ ਦੇ ਸਮਰਥਨ ਦੀ ਮਹੱਤਤਾ ਨੂੰ ਪਛਾਣਦੇ ਹੋਏ, ਡਾ. ਰਤਨ ਨੇ ਕਮਿਊਨਿਟੀ ਨੂੰ ਇੱਕ ਸਿਹਤਮੰਦ ਤੇ ਸੰਗਠਿਤ ਬਨਾਉਣ ਲਈ ਸੱਦਾ ਦਿੱਤਾ ਹੈ। ਉਹਨਾਂ ਮਾਊਨਟੇਨ ਹਾਊਸ ਦੇ ਹਰੇਕ 7 ਪਿੰਡਾ ਵਿੱਚੋਂ ਘੱਟੋ-ਘੱਟ 6 ਵਲੰਟੀਅਰਾਂ ਨੂੰ ਇਸ ਚੋਣ ਮੁਹਿੰਮ ਵਿੱਚ ਉਹਨਾਂ ਨਾਲ ਮੌਢਾ ਜੋੜਨ ਦੀ ਬੇਨਤੀ ਕੀਤੀ ਹੈ। ਜਿਹੜੇ ਲੋਕ ਉਹਨਾਂ ਦਾ ਸਮਰਥਨ ਕਰਨ ਜਾਂ ਉਹਨਾਂ ਦੀ ਮੁਹਿੰਮ ਵਿੱਚ ਵਲੰਟੀਅਰ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹ ਉਹਨਾਂ ਨਾਲ ਵੈਬਸਾਈਟ www.tjforcouncil.com ਜਾਂ ਈਮੇਲ tejdeeprattan@gmail.com ‘ਤੇ ਸਿੱਧਾ ਸੰਪਰਕ ਕਰ ਸਕਦੇ ਹਨ।