Punjab

ਪੰਜਾਬ ‘ਚ U-TURN ਮਾਰੇਗੀ ਠੰਡ ! ਮੌਸਮ ਵਿਭਾਗ ਦੀ ਅਗਲੇ 3 ਦਿਨਾਂ ਲਈ ਵੱਡੀ ਭਵਿੱਖਬਾੜੀ !

ਬਿਉਰੋ ਰਿਪੋਰਟ : ਪੰਜਾਬ ਦੇ ਮੌਸਮ ਨੂੰ ਲੈਕੇ ਮੌਸਮ ਵਿਭਾਗ ਨੇ ਭਵਿੱਖਬਾੜੀ ਕਰਦੇ ਹੋਏ ਕਿਹਾ ਹੈ ਕਿ ਅਗਲੇ 2 ਤੋਂ 3 ਦਿਨਾਂ ਦੇ ਅੰਦਰ ਘੱਟੋਂ ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਕਮੀ ਦਰਜ ਕੀਤੀ ਜਾਵੇਗੀ । ਜਿਸ ਦਾ ਅਸਰ 5 ਫਰਵਰੀ ਦੇ ਤਾਪਮਾਨ ਵਿੱਚ ਨਜ਼ਰ ਆ ਰਿਹਾ ਹੈ । ਬੀਤੇ ਦਿਨ ਦੇ ਮੁਕਾਬਲੇ ਪੰਜਾਬ ਵਿੱਚ ਰਾਤ ਅਤੇ ਸਵੇਰ ਦਾ ਤਾਪਮਾਨ 2.2 ਡਿਗਰੀ ਡਿੱਗਿਆ ਹੈ । ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ ਹੈ । ਜਦਕਿ ਸਭ ਤੋਂ ਵੱਧ ਤਾਪਮਾਨ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ 11.5 ਡਿਗਰੀ ਰਿਹਾ ਹੈ। ਇਸ ਤੋ ਇਲਾਵਾ ਪਠਾਨਕੋਟ,ਗੁਰਦਾਸਪੁਰ,ਫਰੀਦਕੋਟ,ਜਲੰਧਰ,ਮੋਗਾ ਦਾ ਤਾਪਮਾਨ 6 ਤੋਂ 7 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਪਟਿਆਲ਼ਾ,ਮੁਹਾਲੀ,ਰੋਪੜ ਵਿੱਚ 11,ਲੁਧਿਆਣਾ 9 ਡਿਗਰੀ ਦਰਜ ਕੀਤਾ ਗਿਆ ਹੈ

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧੁੰਦਾ ਦਾ ਯੈਲੋ ਅਲਰਟ ਸੀ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ,ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਵੀ ਸਵੇਰੇ ਧੁੰਦ ਅਤੇ ਬਾਅਦ ਵਿੱਚ ਹਲਕੇ ਬੱਦਲ ਛਾਏ ਹੋਏ ਹਨ । ਜਦਕਿ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਧੁੰਦ ਦਾ ਅਲਰਟ ਹੈ। ਇਨ੍ਹਾਂ ਵਿੱਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਹਨ। ਨਾਲ ਹੀ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।

ਹਿਮਾਚਲ ਵਿੱਚ ਬਰਫਬਾਰੀ ਦੇ ਨਾਲ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਹਨ । ਪਰ ਅਗਲੇ 6 ਦਿਨ ਦੌਰਾਨ ਬਰਫਬਾਰੀ ਨਹੀਂ ਹੋਵੇਗੀ ਧੁੱਪ ਰਹੇਗੀ । ਹਾਲਾਂਕਿ ਸੋਮਵਾਰ ਨੂੰ ਹਲਕੇ ਬੱਦਲ ਛਾਏ ਰਹੇ । ਸ਼ਿਮਲਾ ਜ਼ਿਲ੍ਹੇ ਦੇ ਕੁਫਰੀ ਅਤੇ ਨਾਰਕੰਡਾ ਵਿੱਚ ਅਗਲੇ 15 ਤੋਂ 20 ਦਿਨ ਤੱਕ ਬਰਫ ਜਮੀ ਰਹੇਗੀ । ਉਧਰ ਕੁੱਲੂ,ਰੋਹਤਾਂਗ,ਲਾਹੌਲ ਸਪੀਤੀ ਦੇ ਕੋਕਸਰ ਅਤੇ ਚੰਗਾ ਵਿੱਚ ਅਗਲੇ ਇੱਕ ਮਹੀਨੇ ਤੱਕ ਬਰਫ ਜਮੀ ਰਹੇ । ਸੈਲਾਨੀ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਹੈ । ਬਰਫਬਾਰੀ ਨਾਲ 4 ਕੌਮੀ ਸ਼ਾਹਰਾਹ ਦੇ ਨਾਲ 645 ਸੜਕਾਂ ਬੰਦ ਪਈਆਂ ਹਨ । ਇੰਨਾਂ ਵਿੱਚੋ 350 ਸੜਕਾਂ ਅਜਿਹੀਆਂ ਹਨ ਜੋ 1 ਹਫਤੇ ਤੋਂ ਨਹੀਂ ਖੁੱਲੀਆਂ ਹਨ।

ਉਧਰ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਮੱਧ ਪ੍ਰਦੇਸ਼ ਵਿੱਚ ਐਤਵਾਰ ਨੂੰ ਮੀਹ ਪਿਆ । ਜਿਸ ਦੀ ਵਜ੍ਹਾ ਕਰਕੇ ਗਵਾਲੀਅਰ,ਭਿੰਡ,ਭੋਪਾਲ,ਇੰਦੌਰ ਸਮੇਤ ਕਈ ਸ਼ਹਿਰਾਂ ਦਾ ਤਾਪਮਾਨ ਵੱਧ ਗਿਆ । ਤਕਰੀਬਨ 15 ਤੋਂ ਜ਼ਿਆਦਾ ਸ਼ਹਿਰਾਂ ਦਾ ਦਿਨ ਦਾ ਤਾਪਮਮਾਨ 30 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ। ਉਧਰ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ 6 ਫਰਵਰੀ ਤੋਂ ਮੁੜ ਤੋਂ ਮੌਸਮ ਬਦਲੇਗਾ ਅਤੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਕਮੀ ਦਰਜ ਹੋਵੇਗੀ।

ਉਧਰ ਰਾਜਸਥਾਨ ਵਿੱਚ ਅੱਜ ਤੋਂ ਤਿੰਨ ਦਿਨਾਂ ਦਾ ਮੀਂਹ ਦਾ ਅਲਰਟ ਹੈ । ਭਰਤਪੁਰ,ਅਲਵਰ,ਧੌਲਪੁਰ ਵਿੱਚ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਜਦਕਿ 6 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ ਹੈ । ਉਧਰ ਉੱਤਰ ਪ੍ਰਦੇਸ਼ ਵਿੱਚ ਵੀ ਐਤਵਾਰ ਨੂੰ ਸ਼ੁਰੂ ਹੋਈ ਬਾਰਿਸ਼ ਸੋਮਵਾਰ ਨੂੰ ਵੀ ਜਾਰੀ ਰਹੀ । ਯੂਪੀ ਦੇ 25 ਸ਼ਹਿਰਾਂ 24 ਘੰਟੇ ਦੇ ਦੌਰਾਨ ਮੀਂਹ ਪਿਆ ।