Punjab

ਖਹਿਰ ਮੁੜ ਪਹੁੰਚੇ ਹਾਈਕੋਰਟ ! ਇਸ ਸਖ਼ਸ ਤੋਂ ਜਾਨ ਨੂੰ ਦੱਸਿਆ ਖਤਰਾ ! ਇਹ ਵੱਡੀ ਮੰਗ ਕੀਤੀ

ਬਿਉਰੋ ਰਿਪੋਰਟ : ਡਰੱਗ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਇੱਕ ਵਾਰ ਮੁੜ ਤੋਂ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ । ਖਹਿਰਾ ਨੇ ਆਪਣੀ ਜਮ਼ਾਨਤ ਦੀ ਸ਼ਰਤ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਆਪਣੀ ਨਿੱਜੀ ਲਾਇਸੈਂਸੀ ਪਸਤੌਲ ਵਾਪਸ ਮੰਗੀ,ਖਹਿਰਾ ਨੇ ਕਿਹਾ ਹੈ ਕਿ ਮੈਨੂੰ ਗੈਂਗਸਟਰ ਅਰਸ਼ ਡੱਲਾ ਤੋਂ ਧਮਕੀ ਮਿਲੀ ਹੋਈ ਹੈ। ਇਸ ਲਈ ਆਤਮ ਰੱਖਿਆ ਦੇ ਲਈ ਮੈਨੂੰ ਆਪਣਾ ਲਾਇਸੈਂਸੀ ਹਥਿਆਰ ਦਿੱਤਾ ਜਾਵੇ। ਇਸ ਮਾਮਲੇ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਕੋਲੋ 14 ਫਰਵਰੀ ਤੱਕ ਜਵਾਬ ਮੰਗ ਲਿਆ ਹੈ। ਜਦੋਂ ਖਹਿਰਾ ਜੇਲ੍ਹ ਵਿੱਚ ਤਾਂ ਅਰਸ਼ ਡੱਲਾ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਇਨਪੁੱਟ ਮਿਲਿਆ ਸੀ ।

ਸੁਖਪਾਲ ਸਿੰਘ ਖਹਿਰਾ ਨੂੰ ਪਿਛਲੇ ਮਹੀਨੇ ਦੀ 4 ਜਨਵਰੀ ਨੂੰ 4 ਮਹੀਨੇ ਦੇ ਬਾਅਦ ਡਰੱਗ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ । ਇਸ ਵਿੱਚ ਪਾਸਪੋਰਟ ਅਤੇ ਲਾਇਸੈਂਸੀ ਹਥਿਆਰ ਜ਼ਬਤ ਕਰਨ ਦੀ ਸ਼ਰਤ ਸ਼ਾਮਲ ਸੀ। ਉਸ ਵੇਲੇ ਖਹਿਰਾ ਨੇ ਇਸ ਨੂੰ ਮਨਜ਼ੂਰ ਕਰ ਲਿਆ ਸੀ । ਉਧਰ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਵਿੱਚ ਹਾਈਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਦੇ ਖਿਲਾਫ ਅਪੀਲ ਕੀਤੀ ਗਈ ਸੀ। ਪਰ ਸੁਪਰੀਮ ਕੋਰਟ ਨੇ ਇਸ ਅਪੀਲ ਨੂੰ ਰੱਦ ਕਰਦੇ ਹੋਏ ਕਿਹਾ ਕਿ ਜਦੋਂ ਹਾਈਕੋਰਟ ਨੇ ਇਸ ਮਾਮਲੇ ਵਿੱਚ ਵਿਸਤਾਰ ਨਾਲ ਸੁਣਵਾਈ ਕੀਤੀ ਹੈ ਤਾਂ ਸਾਡੇ ਕੋਲ ਆਉਣ ਦੀ ਕੀ ਜ਼ਰੂਰਤ ਸੀ । 4 ਜਨਵਰੀ ਨੂੰ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲੀ ਸੀ ਤਾਂ ਉਸੇ ਦਿਨ ਦੁਪਹਿਰ ਨੂੰ ਖਹਿਰਾ ਦੇ ਖਿਲਾਫ਼ ਡਰੱਗ ਮਾਮਲੇ ਦੇ ਗਵਾਹਾਂ ਨੂੰ ਧਮਕੀ ਦੇਣ ਦੇ ਮਾਮਲਾ ਕਪੂਰਥਲਾ ਵਿੱਚ ਦਰਜ ਕੀਤਾ ਗਿਆ ਸੀ । ਜਿਸ ਤੋਂ ਬਾਅਦ ਖਹਿਰਾ ਨੂੰ 2 ਵਾਰ ਰਿਮਾਂਡ ‘ਤੇ ਭੇਜਿਆ ਗਿਆ,ਪਰ ਬਾਅਦ ਵਿੱਚੋਂ ਅਦਾਲਤ ਨੇ ਖਹਿਰਾ ਦੀ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ ਹੋਈ ਸਾਰੀ ਕਾਰਵਾਈ ਨੂੰ ਸਿਆਸੀ ਬਦਲਾਖੌਰੀ ਦਾ ਨਾਂ ਦਿੱਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿਉਂਕਿ ਮੈਂ ਸਰਕਾਰ ਦੀਆਂ ਨਾਕਾਮੀਆਂ ਨੂੰ ਅੱਗੇ ਲੈਕੇ ਆਉਂਦਾ ਹਾਂ ਇਸੇ ਲਈ ਮੇਰੇ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ।