ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਸੰਯੁਕਤ (SAD Sanyukt) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (sukhdev singh Dhindsa) ਦਾ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾਵਾਂ ‘ਤੇ ਹੁਣ ਤਕਰੀਬਨ ਬ੍ਰੇਕ ਲੱਗ ਗਈ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ‘ਤੇ ਢੀਂਡਸਾ ਦੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਸਾਬਕਾ ਐੱਮਪੀ ਪਰਮਜੀਤ ਕੌਰ ਗੁਲਸ਼ਨ ਨੇ ਤੰਜ ਕੱਸ ਦੇ ਹੋਏ ਕਿਹਾ ਇਹ ਪਰਿਵਾਰ ਬਚਾਓ ਯਾਤਰਾ ਹੈ । ਦਸੰਬਰ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਥਾਪਨਾ ਦਿਹਾੜੇ ‘ਤੇ ਜਨਤਕ ਮੁਆਫੀ ਮੰਗਦੇ ਹੋਏ ਨਰਾਜ਼ ਅਕਾਲੀ ਆਗੂਆਂ ਨੂੰ ਮੁੜ ਤੋਂ ਵਾਪਸ ਆਉਣ ਦਾ ਜਿਹੜਾ ਸਦਾ ਦਿੱਤਾ ਸੀ ਉਸ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਆਗੂਆਂ ਨਾਲ ਵਿਚਾਰ ਕਰਕੇ ਫੈਸਲੇ ਲੈਣ ਦੀ ਗੱਲ ਕਹੀ ਸੀ । 23 ਦਸੰਬਰ ਨੂੰ ਸੰਯੁਕਤ ਅਕਾਲੀ ਦਲ ਦੀ ਮੀਟਿੰਗ ਵੀ ਸਦੀ ਗਈ ਸੀ,ਜਿਸ ਤੋਂ ਬਾਅਦ ਫੈਸਲਾ ਹੋਇਆ ਸੀ ਕਿ ਜ਼ਿਲ੍ਹਾਂ ਪੱਧਰ ‘ਤੇ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਹੀ ਵਾਪਸੀ ਦਾ ਫੈਸਲਾ ਲਿਆ ਜਾਵੇਗਾ। ਪਰ ਸਵਾ ਮਹੀਨੇ ਬਾਅਦ ਪਾਰਟੀ ਦੀ ਸੀਨੀਅਰ ਆਗੂ ਪਰਮਜੀਤ ਕੌਰ ਗੁਲਸ਼ਨ ਦੇ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਢੀਂਡਸਾ ਫਿਲਹਾਲ ਅਕਾਲੀ ਦਲ ਨਾਲ ਰਲੇਵੇ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਤੱਕ ਇਸ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ ।
ਅਕਾਲੀ ਦਲ ਸੰਯੁਕਤ ਦੀ ਮਹਿਲਾ ਵਿੰਗ ਦੀ ਪ੍ਰਧਾਨ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਸੁਖਬੀਰ ਸਿੰਘ ਬਾਦਲ 2 ਵਾਰ ਉੱਪ ਮੁੱਖ ਮੰਤਰੀ ਰਹੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਪਰ ਇਸ ਦੇ ਬਾਵਜੂਦ ਉਹ ਪੰਜਾਬ ਨੂੰ ਬਚਾ ਨਹੀਂ ਸਕੇ। ਹੁਣ ਜਦੋਂ ਲੋਕਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ ਤਾਂ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਹਿ ਰਹੇ ਹਨ । ਸਾਬਕਾ ਐੱਮਪੀ ਗੁਲਸ਼ਨ ਨੇ ਕਿਹਾ ਸੁਖਬੀਰ ਸਿੰਘ ਬਾਦਲ ਹਮੇਸ਼ਾ ਆਪਣੇ ਪਰਿਵਾਰ ਨੂੰ ਸਿਆਾਸਤ ਵਿੱਚ ਤਰਜ਼ੀ ਦਿੰਦੇ ਹਨ ਕੈਬਨਿਟ ਵਿੱਚ ਪਰਿਵਾਰ ਨੂੰ ਉੱਚ ਅਹੁਦਾ ਦਿੱਤਾ ਜਾਂਦਾ ਹੈ । ਸੁਖਬੀਰ ਸਿੰਘ ਬਾਦਲ ਸਿਰਫ਼ ਡਰਾਮਾ ਕਰ ਰਹੇ ਹਨ ਆਪਣੀ ਗੁਆਚੀ ਹੋਈ ਜ਼ਮੀਨ ਤਲਾਸ਼ਨ ਦੇ ਲਈ। ਉਨ੍ਹਾਂ ਕਿਹਾ ਸੁਖਬੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈਕੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕੇ ਹਨ।