ਬਿਉਰੋ ਰਿਪੋਰਟ : ਡਰੱਗ ਸਮਗਲਿੰਗ ( Drug smuggling) ਦੇ ਮਾਮਲੇ ਵਿੱਚ SIT ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram singh majithiya) ‘ਤੇ ਹੋਰ ਸਿਕੰਜਾ ਕੱਸ ਦਿੱਤਾ ਹੈ । ਉਨ੍ਹਾਂ ਦੇ 4 ਕਰੀਬੀਆਂ ਨੂੰ ਹੁਣ ਪੁੱਛ-ਗਿੱਛ ਦੇ ਲਈ ਤਲਬ ਕੀਤਾ ਜਾਵੇ। ਇਸ ਵਿੱਚ ਮਜੀਠੀਆ ਦੇ ਸਾਬਕਾ PA,OSD ਰਹਿ ਚੁੱਕੇ ਲੋਕ ਵੀ ਸ਼ਾਮਲ ਹਨ।
SIT ਨੇ ਮੇਜਰ ਸ਼ਿਵਚਰਨ ਸਿੰਘ ਸ਼ਿਵੀ,ਕਰਤਾਰ ਸਿੰਘ,ਤਲਬੀਰ ਸਿੰਘ ਗਿੱਲ ਅਤੇ ਬੁੱਧ ਰਾਮ ਨੂੰ ਨੋਟਿਸ ਜਾਰੀ ਕੀਤਾ ਹੈ ।ਇੰਨਾਂ ਚਾਰਾਂ ਨੂੰ 2 ਫਰਵਰੀ ਨੂੰ ਬਿਆਨ ਦੇਣ ਦੇ ਲਈ ਬੁਲਾਇਆ ਗਿਆ ਹੈ । ਇਸ ਤੋਂ ਪਹਿਲਾਂ SIT ਮਜੀਠੀਆ ਤੋਂ ਪੁੱਛ-ਗਿੱਛ ਕਰ ਚੁੱਕੀ ਹੈ । ਇਸ ਦੇ ਨਾਲ ਮਜੀਠੀਆ ਨਾਲ ਜੁੜੇ ਰਿਕਾਰਡ ਵੀ ਤਲਬ ਕੀਤੇ ਗਏ ਹਨ ।
ਨਵੀਂ SIT ਕਰ ਰਹੀ ਹੈ ਮਾਮਲੇ ਦੀ ਜਾਂਚ
ਮਜੀਠੀਆ ਕੇਸ ਵਿੱਚ ਪੁਲਿਸ ਦੇ ਵੱਲੋਂ ਨਵੀਂ SIT ਬਣਾਈ ਗਈ ਸੀ। ਹੁਣ SIT ਦੀ ਜ਼ਿੰਮੇਵਾਰੀ ਪਟਿਆਰਾ ਰੇਂਜ ਦੇ DIG HS ਭੁੱਲਰ ਨੂੰ ਦਿੱਤੀ ਗਈ ਹੈ। ADGP ਮੁਖਵਿੰਦਰ ਸਿੰਘ ਛੀਨਾ ਦੇ ਰਿਟਾਇਰ ਹੋਣ ਦੇ ਬਾਅਦ ਸਰਕਾਰ ਨੇ SIT ਦਾ ਗਠਨ ਕੀਤਾ ਸੀ । DIG ਭੁੱਲਰ ਤੋਂ ਇਲਾਵਾ SIT ਵਿੱਚ ਪਟਿਆਲਾ ਦੇ SSP ਵਰੁਣ ਸ਼ਰਮਾ ਅਤੇ ਧੁਰੀ ਦੇ SHO ਯੋਗੇਸ਼ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਇਸ ਤੋਂ ਪਹਿਲਾ ਮਜੀਠੀਆ ਨੂੰ 15 ਜਨਵਰੀ ਨੂੰ ਬੁਲਾਇਆ ਗਿਆ ਸੀ । ਉਨ੍ਹਾਂ ਤੋਂ SIT ਨੇ 7 ਘੰਟੇ ਤੱਕ ਸਵਾਲ ਜਵਾਬ ਕੀਤਾ ਸੀ। ਹਾਲਾਂਕਿ ਮਜੀਠੀਆ ਇਸ ਕੇਸ ਵਿੱਚ ਜ਼ਮਾਨਤ ‘ਤੇ ਚੱਲ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਸਿਆਸੀ ਬਦਲਾਖੋਰੀ ਦਾ ਹੈ ।
20 ਦਸੰਬਰ 2021 ਨੂੰ ਮਾਮਲਾ ਦਰਜ ਹੋਇਆ ਸੀ
ਪੁਲਿਸ ਨੇ ਮਜੀਠੀਆ ਦੇ ਖਿਲਾਫ ਇਹ ਮਾਮਲਾ 2 ਸਾਲ ਪਹਿਲਾਂ 20 ਦਸੰਬਰ 2021 ਨੂੰ ਦਰਜ ਹੋਇਆ ਸੀ । ਪਰ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਕੋਰਟ ਨੇ 2 ਮਹੀਨੇ ਦੇ ਲਈ ਟਾਲ ਦਿੱਤਾ ਸੀ । 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ 10 ਅਗਸਤ 2022 ਨੂੰ ਜ਼ਮਾਨਤ ‘ਤੇ ਬਾਹਰ ਆਏ ਸਨ । ਮਜੀਠੀਆ ਦਾ ਕਹਿਣਾ ਹੈ ਜਿਸ ਮਾਮਲੇ ਵਿੱਚ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਸੀ ਉਸ ਵਿੱਚ ਹੁਣ ਤੱਕ ਚਾਰਜਸ਼ੀਟ ਦਾਖਲ ਨਹੀਂ ਹੋਈ ਹੈ,ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਤੋਂ ਡਰੱਗ ਵੀ ਰਿਕਵਰ ਨਹੀਂ ਹੋ ਸਕੀ ਸੀ।