Punjab

ਪੰਜਾਬ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਹਟਾਉਣ ‘ਤੇ ਹੰਗਾਮਾ, ਭੀੜ ਨੇ ਕਾਰ ਭੰਨੀ, SHO ਜ਼ਖ਼ਮੀ

Uproar over removal of Sant Jarnail Singh Bhindranwale's photo in Punjab, mob smashes car, SHO injured

ਤਰਨਤਾਰਨ ‘ਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਲਗਾਏ ਗਏ ਮੇਲੇ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਭੀੜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਕਰਨਲ ਹਰਸਿਮਰਨ ਸਿੰਘ ਦੀ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੀ ਭੰਨਤੋੜ ਕੀਤੀ। ਇੰਨਾ ਹੀ ਨਹੀਂ ਗ਼ੁੱਸੇ ‘ਚ ਆਈ ਭੀੜ ਨੇ ਐੱਸਐੱਚਓ ਪਰਵਿੰਦਰ ਸਿੰਘ ‘ਤੇ ਵੀ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਜੁੱਤੀਆਂ ਦੀ ਸੇਵਾ ਕਰਨ ਆਏ ਨੌਜਵਾਨਾਂ ਨੇ ਇਹ ਫ਼ੋਟੋ ਲਗਾਈ ਹੈ। ਜਿਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਤਾਰਿਆ। ਇਸ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਉੱਥੇ ਪਹੁੰਚ ਗਈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਪਾਲ ਸਿੰਘ ਅਤੇ ਸਤਿਕਾਰ ਕਮੇਟੀ ਦੇ ਭਾਈ ਹਰਜੀਤ ਸਿੰਘ ਨੇ ਕਿਹਾ ਕਿ ਇਹ ਨਿੰਦਣਯੋਗ ਕਾਰਵਾਈ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਮਾਮਲੇ ਸਬੰਧੀ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਜੁੱਤੀਆਂ ਵਾਲੀ ਥਾਂ ’ਤੇ ਭਿੰਡਰਾਂਵਾਲੇ ਦੀ ਫ਼ੋਟੋ ਨਾ ਲਾਉਣ ਲਈ ਕਿਹਾ ਸੀ। ਉਸ ਨੇ ਕੋਈ ਮਾੜਾ ਸ਼ਬਦ ਨਹੀਂ ਕਿਹਾ। ਨੌਜਵਾਨਾਂ ਨੇ ਵੀਡੀਓ ਨੂੰ ਤੋੜ ਮਰੋੜ ਕੇ ਵਾਇਰਲ ਕਰ ਦਿੱਤਾ। ਪੁਲਿਸ ਨੇ ਝਗੜਾ ਸੁਲਝਾਉਣ ਲਈ ਕੱਲ੍ਹ ਦੋਵਾਂ ਧਿਰਾਂ ਨੂੰ ਬੁਲਾਇਆ ਹੈ।

ਮੇਲੇ ਵਿੱਚ ਸ਼ਰਧਾਲੂਆਂ ਦੀਆਂ ਜੁੱਤੀਆਂ ਬੰਨ੍ਹਣ ਆਏ ਕੁਝ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੰਡਾਲ ਵਿੱਚ ਲਗਾ ਦਿੱਤੀ। ਗੁਰਦੁਆਰਾ ਕਮੇਟੀ ਦੇ ਮੈਨੇਜਰ ਪ੍ਰਭਜੋਤ ਸਿੰਘ ਅਤੇ ਕਰਨਲ ਹਰਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਸੀ ਕਿ ਉਹ ਭਿੰਡਰਾਂਵਾਲੇ ਦੀ ਫ਼ੋਟੋ ਜੁੱਤੀ ਦੇ ਰੈਕ ‘ਤੇ ਨਾ ਲਗਾਉਣ ਅਤੇ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਸੜਕ ‘ਤੇ ਟੈਂਟ ਨਾ ਲਗਾਉਣ।

ਇਸ ਵੀਡੀਓ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ। ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ‘ਤੇ ਸਿੱਖ ਸੰਗਤ ਦਾ ਗ਼ੁੱਸਾ ਭੜਕ ਗਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਵੀਡੀਓ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

ਇਸ ਮਾਮਲੇ ਨੂੰ ਲੈ ਕੇ ਜਦੋਂ ਸਿੱਖ ਜਥੇਬੰਦੀਆਂ ਦੇ ਆਗੂ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਅੰਦਰ ਡਿਊਟੀ ’ਤੇ ਤਾਇਨਾਤ ਐਸਐਚਓ ਪਰਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਬਾਹਰ ਆਏ ਤਾਂ ਗੁੱਸੇ ਵਿੱਚ ਆਈ ਭੀੜ ਨੇ ਕਥਿਤ ਤੋਰ ਉੱਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਿਸ ਕਾਰ ਵਿਚ ਕਰਨਲ ਹਰਸਿਮਰਨ ਸਿੰਘ ਸਫ਼ਰ ਕਰ ਰਹੇ ਸਨ, ਉਸ ਦੀ ਭੰਨਤੋੜ ਕੀਤੀ ਗਈ।

ਭੀੜ ਨੇ ਕਰਨਲ ਹਰਸਿਮਰਨ ਸਿੰਘ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਸਬੰਧੀ ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉਹ ਭਲਕੇ ਦੋਵਾਂ ਧਿਰਾਂ ਨੂੰ ਬੁਲਾ ਕੇ ਸਾਰੀਆਂ ਗ਼ਲਤਫ਼ਹਿਮੀਆਂ ਦੂਰ ਕਰਨਗੇ। ਉਨ੍ਹਾਂ ਨੇ ਸਾਰੇ ਸਿੱਖਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਬਲੇਰ ਅਤੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਨੇ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਨਿੱਜੀ ਜਾਇਦਾਦ ਗੁਰਦੁਆਰਾ ਸਾਹਿਬ ਨੂੰ ਦੇਣੀ ਵੀ ਅਤਿ ਨਿੰਦਣਯੋਗ ਹੈ।

ਆਗੂਆਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਮਾੜੇ ਵਤੀਰੇ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਜੇਕਰ ਕੱਲ੍ਹ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸਮੂਹ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਅਗਲਾ ਕਦਮ ਚੁੱਕਣਗੇ।