Punjab

ਮਨੁੱਖੀ ਅਧਿਕਾਰ ਜਥੇਬੰਦੀ ਨੇ ਜਥੇਦਾਰ ਕਾਉਂਕੇ ਦੀ ਪਤਨੀ ਨੂੰ ਪੱਤਰ ਲਿਖਿਆ !

 

ਬਿਉਰੋ ਰਿਪੋਰਟ  : ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ  ਗੁਰਮੇਲ ਕੌਰ ਨੂੰ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਨੇ ਪੱਤਰ ਲਿਖ ਕੇ 15 ਜਨਵਰੀ ਨੂੰ ਜਗਰਾਓਂ ਥਾਣੇ ਵਿੱਚ ਜਥੇਦਾਰ ਕਾਉਂਕੇ ਦੀ ਜਾਂਚ  ਅਰਜ਼ੀ  ਨੂੰ ਲੈਕੇ ਸਵਾਲ ਚੁੱਕੇ ਹਨ ।  ਮਨੁੱਖੀ ਅਧਿਕਾਰ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਨੇ ਕਿਹਾ ਹੈ ਕਿ SGPC ਦੇ ਕਾਨੂੰਨੀ ਸਲਾਹਕਾਰਾਂ ਨਾਲ ਜਿਹੜੀ ਸ਼ਿਕਾਇਤ ਤਿਆਰ ਕੀਤੀ ਗਈ ਉਸ ਵਿੱਚ ਵੱਡੀ ਖਾਮੀਆਂ ਹਨ ਜੋ ਕਿ ਮੁਲਜ਼ਮਾਂ ਦੇ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਅਰਜ਼ੀ ਵਿੱਚ ਉਨ੍ਹਾਂ ਵੱਡੇ ਅਫ਼ਸਰਾਂ ਦੇ ਨਾਂ ਨਹੀਂ ਹਨ ਜੋ ਜਥੇਦਾਰ ਕਾਉਂਕੇ ਦੇ ਮੁਖ ਸਾਜਿਸ਼ਕਰਤਾ ਸਨ। 13 ਜਨਵਰੀ ਨੂੰ SGPC ਦੀ ਲੀਗਲ ਟੀਮ ਨੇ ਜਥੇਦਾਰ ਕਾਉਂਕੇ ਦੀ ਜਾਂਚ ਅਰਜ਼ੀ ਨੂੰ ਤਿਆਰ ਕੀਤਾ ਸੀ । ਹਾਲਾਂਕਿ ਹੁਣ  ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਕਿ ਉਹ ਜਥੇਦਾਰ ਕਾਉਂਕੇ ਮਾਮਲੇ ਦੀ ਜਾਂਚ ਕਰਵਾਉਣਗੇ ਇਸੇ ਦੇ ਲਈ ਉਨ੍ਹਾਂ ਨੇ ਅਫ਼ਸਰਾਂ ਕੋਲੋ ਫਾਈਲਾਂ ਵੀ ਮੰਗ ਲਈਆਂ ਹਨ ।

SGPC ਤੇ ਅਕਾਲੀ ਦਲ ਨੇ ਮਨੁੱਖੀ ਅਧਿਕਾਰ ਜਥੇਬੰਦੀ ‘ਤੇ ਸਵਾਲ ਚੁੱਕੇ 

ਮਨੁੱਖੀ ਅਧਿਕਾਰ ਜਥੇਬੰਦੀ ਨੇ ਹੀ 25 ਸਾਲ ਬਾਅਦ ਜਥੇਦਾਰ ਕਾਉਂਕੇ ਮਾਮਲੇ ਦੀ  BP ਤਿਵਾੜੀ ਰਿਪੋਰਟ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪੀ ਸੀ। ਜਿਸ ਤੋਂ ਬਾਅਦ ਜਥੇਦਾਰ ਸਾਹਿਬ ਵੱਲੋਂ SGPC ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰੇ,ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਮਨੁੱਖੀ ਅਧਿਕਾਰ ਜਥੇਬੰਦੀ ਦੀ ਤਾਰੀਫ ਵੀ ਕੀਤੀ ਸੀ। ਉਸ ਤੋਂ ਬਾਅਦ SGPC ਦੀ ਲੀਗਲ ਟੀਮ ਨੇ ਪਹਿਲਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਫਿਰ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ । ਹਾਲਾਂਕਿ ਬਾਅਦ ਵਿੱਚੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਆਗੂ ਪਰਬੰਸ ਬੰਟੀ ਰੋਮਾਣਾ ਨੇ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਨਸ਼ਰ ਕੀਤੀ ਗਈ ਰਿਪੋਰਟ ਦੀ ਟਾਇਮਿੰਗ ਨੂੰ ਲੈਕੇ ਸਵਾਲ ਚੁੱਕੇ ਸਨ। ਦੋਵਾਂ ਨੇ ਕਿਹਾ ਸੀ ਕਿ ਮਨੁੱਖੀ ਅਧਿਕਾਰ ਜਥੇਬੰਦੀ ਨੇ RTI ਦੇ ਜ਼ਰੀਏ 2010 ਵਿੱਚ BP ਤਿਵਾੜੀ ਦੀ ਰਿਪੋਰਟ ਹਾਸਲ ਕੀਤੀ ਪਰ ਨਸ਼ਰ 13 ਸਾਲ ਬਾਅਦ ਕਿਉਂ ਕੀਤੀ। ਅਕਾਲੀ ਦਲ ਸਰਕਾਰ ਵੇਲੇ ਇਸ ਨੂੰ ਕਿਉਂ ਨਹੀਂ ਨਸ਼ਰ ਕੀਤਾ ਗਿਆ ।

 

ਜਥੇਦਾਰ ਰੋਡੇ ਦਾ ਪ੍ਰਕਾਸ਼ ਸਿੰਘ ਬਾਦਲ ‘ਤੇ ਇਲਜ਼ਾਮ

 

ਦਿੱਲੀ ਕਮੇਟੀ ਅਤੇ ਕਈ ਪੰਥਕ ਜਥੇਬੰਦੀਆਂ ਨੇ ਜਥੇਦਾਰ ਕਾਉਂਕੇ ਦੀ ਰਿਪੋਰਟ ਦਬਾਉਣ ਦੇ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਿਆ ਸੀ। ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਕਿਹਾ ਸੀ ਕਿ ਜਦੋਂ ਅਸੀਂ ਰਿਪੋਰਟ ਨੂੰ ਲਾਗੂ ਕਰਵਾਉਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਗੜੇ ਮੁਰਦੇ ਨਾ ਉਖਾੜੋ ਅੱਗੇ ਦੀ ਸੋਚੋ । ਸਿਰਫ਼ ਇੰਨਾਂ ਹੀ ਨਹੀਂ ਜਥੇਦਾਰ ਰੋਡੇ ਨੇ ਕਿਹਾ ਸੀ BP ਤਿਵਾੜੀ ਨੇ ਵੀ ਕਿਹਾ ਸੀ ਮੈਂ ਰਿਪੋਰਟ ਤਿਆਰ ਕਰ ਰਿਹਾ ਹਾਂ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਲਾਗੂ ਨਹੀਂ ਕਰਨਾ ਹੈ ।

ਪੰਜਾਬ ਸਰਕਾਰ ਕਰਵਾਏਗੀ ਜਾਂਚ

ਬੀਤੇ ਦਿਨੀ  ਮੁੱਖ ਮੰਤਰੀ ਭਗਵੰਤ ਸਿੰਘ ਨੇ  ਕਿਹਾ ਸੀ ਮੈਂ ਜਥੇਦਾਰ ਕਾਉਂਕੇ ਮਾਮਲੇ ਵਿੱਚ ਅਫ਼ਸਰਾਂ ਤੋਂ ਫਾਈਲਾਂ ਮੰਗਵਾ ਲਈਆਂ ਹਨ,ਸਾਰੀ ਡਿਟੇਲ ਲੈ ਰਿਹਾ ਹਾਂ, ਜਲਦ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ। ਸੀਐੱਮ ਮਾਨ ਨੇ ਕਿਹਾ ਜਿੰਨਾਂ ਨੇ ਤਸ਼ਦੱਦ ਕੀਤੀ ਹੈ ਉਨ੍ਹਾਂ ਦਾ ਪੂਰਾ ਹਿਸਾਬ ਹੋਵੇਗਾ । ਉਨ੍ਹਾਂ ਨੇ ਅਕਾਲੀ ਦਲ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਜਿੰਨਾਂ ਨੇ 15 ਸਾਲ ਰਾਜ ਕੀਤਾ ਉਨ੍ਹਾਂ ਨੇ ਫਾਈਲਾਂ ਦਬਾ ਕੇ ਰੱਖਿਆ। ਤਸ਼ਦੱਦ ਕਰਨ ਵਾਲਿਆਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ । ਪੰਥ ਦੇ ਨਾਂ ‘ਤੇ ਵੋਟਾਂ ਲਈਆਂ ਪਰ ਕਦੇ ਪੰਥ ਯਾਦ ਨਹੀਂ ਆਇਆ। ਹੁਣ ਜਦੋਂ ਇੰਨੇ ਸਾਲ ਬੀਤ ਗਏ ਹਨ ਤਾਂ ਫਾਈਲ ਨਿਕਲੀ ਤਾਂ ਜਥੇਦਾਰ ਕਾਉਂਕੇ ਦਾ ਘਰ ਵੀ ਯਾਦ ਆ ਗਿਆ । ਹੁਣ ਕਹਿੰਦੇ ਹਨ ਅਸੀਂ ਮੰਗ ਕਰਦੇ ਹਾਂ ਇਨਸਾਫ ਮਿਲੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਵਿੱਚ ਬੀਜੇਪੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇ ਮੰਤਰੀ ਰਹੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਿਉਂ ਨਹੀਂ ਕੀਤੀ । ਉਸੇ ਵੇਲੇ ਹੱਲ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ 25-30 ਸਾਲ ਪਹਿਲਾਂ ਜੇਕਰ ਕਿਸੇ ਨੇ ਵੀ ਪੰਜਾਬੀ ਨਾਲ ਧੱਕਾ ਕੀਤਾ ਹੈ ਸਾਰਿਆਂ ਦਾ ਹਿਸਾਬ ਹੋਵੇਗਾ । ਅਸੀਂ ਉਸ ਪਰਿਵਾਰ ਨੂੰ ਇਨਸਾਫ ਜ਼ਰੂਰ ਦੇਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨਾਲ ਗਠਜੋੜ ਨੂੰ ਲੈਕੇ ਵੀ ਵੱਡਾ ਐਲਾਨ ਕੀਤਾ।