International

ਪਾਕਿਸਤਾਨ ‘ਚ ਈਰਾਨ ਦਾ ਹਵਾਈ ਹਮਲਾ: ਪਾਕਿ ਨੇ ਕਿਹਾ- ‘ਮਾਰੇ ਗਏ ਸਾਡੇ ਬੱਚੇ, ਭੁਗਤਣੇ ਪੈਣਗੇ ਗੰਭੀਰ ਨਤੀਜੇ ‘

Iran's air attack in Pakistan: Pakistan said - 'Our children were killed, we will have to face serious consequences'

ਈਰਾਨ ਨੇ ਮੰਗਲਵਾਰ ਰਾਤ ਪਾਕਿਸਤਾਨ ਦੇ ਬਲੋਚਿਸਤਾਨ ‘ਚ ਸੁੰਨੀ ਅੱਤਵਾਦੀ ਸੰਗਠਨ ‘ਜੈਸ਼-ਅਲ-ਅਦਲ’ ਦੇ ਠਿਕਾਣਿਆਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇਹ ਜਾਣਕਾਰੀ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ ਦਿੱਤੀ। ਖ਼ਾਸ ਗੱਲ ਇਹ ਹੈ ਕਿ ਸੂਚਨਾ ਦੇਣ ਦੇ ਕੁਝ ਸਮੇਂ ਬਾਅਦ ਨਿਊਜ਼ ਏਜੰਸੀ ਨੇ ਇਸ ਖ਼ਬਰ ਨੂੰ ਆਪਣੇ ਪੋਰਟਲ ਤੋਂ ਹਟਾ ਦਿੱਤਾ।

ਇਸ ਤੋਂ ਬਾਅਦ ਇਸ ਮਾਮਲੇ ‘ਚ ਪਹਿਲੀ ਪ੍ਰਤੀਕਿਰਿਆ ਰਾਤ ਕਰੀਬ 2 ਵਜੇ ਪਾਕਿਸਤਾਨ ਤੋਂ ਆਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ- ਈਰਾਨ ਨੇ ਸਾਡੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੜਕੀਆਂ ਜ਼ਖ਼ਮੀ ਹੋ ਗਈਆਂ। ਇਰਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਪਾਕਿਸਤਾਨ ਨੇ ਕਿਹਾ- ਈਰਾਨ ਦਾ ਇਹ ਕਦਮ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਸੰਚਾਰ ਦੇ ਕਈ ਚੈਨਲ ਹਨ। ਅਸੀਂ ਤਹਿਰਾਨ ਵਿੱਚ ਈਰਾਨ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦੱਸੀ ਹੈ।

ਈਰਾਨ ਦੇ ਡਿਪਲੋਮੈਟ ਨੂੰ ਵੀ ਤਲਬ ਕੀਤਾ ਗਿਆ ਹੈ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਅੱਤਵਾਦ ਪੂਰੀ ਦੁਨੀਆ ਲਈ ਖ਼ਤਰਾ ਹੈ ਅਤੇ ਇਸ ਨਾਲ ਮਿਲ ਕੇ ਨਜਿੱਠਣਾ ਹੋਵੇਗਾ। ਪਰ, ਅਜਿਹੀ ਇਕਪਾਸੜ ਕਾਰਵਾਈ ਈਰਾਨ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜ ਦੇਵੇਗੀ।

ਈਰਾਨੀ ਮੀਡੀਆ ਮੁਤਾਬਕ ਪਾਕਿਸਤਾਨ ਦਾ ਜਿਸ ਖੇਤਰ ‘ਚ ਹਮਲਾ ਹੋਇਆ ਹੈ, ਉਸ ਨੂੰ ਗ੍ਰੀਨ ਮਾਊਂਟੇਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫ਼ਿਲਹਾਲ ਇਸ ਮਾਮਲੇ ‘ਚ ਪਾਕਿਸਤਾਨੀ ਫ਼ੌਜ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਹਮਲੇ ਦਾ ਕੀ ਕਾਰਨ ?

ਈਰਾਨ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ਼ ਹੈ, ਜਦੋਂ ਕਿ ਪਾਕਿਸਤਾਨ ਵਿੱਚ ਲਗਭਗ 95% ਲੋਕ ਸੁੰਨੀ ਹਨ। ਪਾਕਿਸਤਾਨ ਦੇ ਸੁੰਨੀ ਸੰਗਠਨ ਈਰਾਨ ਦਾ ਵਿਰੋਧ ਕਰਦੇ ਰਹੇ ਹਨ। ਇਸ ਤੋਂ ਇਲਾਵਾ ਬਲੋਚਿਸਤਾਨ ਦਾ ਜੈਸ਼-ਅਲ-ਅਦਲ ਅੱਤਵਾਦੀ ਸੰਗਠਨ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕਈ ਵਾਰ ਉੱਥੇ ਦੀ ਫ਼ੌਜ ‘ਤੇ ਹਮਲੇ ਕੀਤੇ ਹਨ। ਈਰਾਨ ਦੀ ਫ਼ੌਜ ਨੂੰ ਰੈਵੋਲਿਊਸ਼ਨਰੀ ਗਾਰਡ ਕਿਹਾ ਜਾਂਦਾ ਹੈ। ਈਰਾਨ ਸਰਕਾਰ ਨੇ ਕਈ ਵਾਰ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਦੀ ਚਿਤਾਵਨੀ ਦਿੱਤੀ ਹੈ।

ਜੈਸ਼ ਅਲ-ਅਦਲ ਦੇ ਜ਼ਿਆਦਾਤਰ ਅੱਤਵਾਦੀ ਦੂਜੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਤੋਂ ਆਏ ਹਨ। ਇਜ਼ਰਾਈਲ-ਹਮਾਸ ਜੰਗ ਵਿੱਚ ਇਰਾਨ ਖੁੱਲ੍ਹ ਕੇ ਹਮਾਸ ਦਾ ਸਮਰਥਨ ਕਰ ਰਿਹਾ ਹੈ ਅਤੇ ਪਾਕਿਸਤਾਨ ਵੀ ਇਸ ਮਾਮਲੇ ਵਿੱਚ ਹਮਾਸ ਦਾ ਸਮਰਥਨ ਕਰ ਰਿਹਾ ਹੈ।

ਈਰਾਨ ਨੇ ਸੋਮਵਾਰ ਨੂੰ ਇਰਾਕ ‘ਤੇ ਵੀ ਹਮਲਾ ਕੀਤਾ ਸੀ। ਉਦੋਂ ਉਸ ਨੇ ਕਿਹਾ ਸੀ ਕਿ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਦਾ ਇਰਾਕ ਵਿੱਚ ਹੈੱਡਕੁਆਰਟਰ ਹੈ ਅਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਕ ਨੇ ਈਰਾਨ ਦੇ ਰਾਜਦੂਤ ਨੂੰ ਤਲਬ ਕਰਕੇ ਇਸ ਨੂੰ ਆਪਣੇ ਦੇਸ਼ ‘ਤੇ ਹਮਲਾ ਕਰਾਰ ਦਿੱਤਾ ਸੀ। ਬਾਅਦ ‘ਚ ਇਰਾਕੀ ਫ਼ੌਜ ਨੇ ਕਿਹਾ ਕਿ ਇਸ ਹਮਲੇ ਦਾ ਸਹੀ ਸਮੇਂ ‘ਤੇ ਜਵਾਬ ਦਿੱਤਾ ਜਾਵੇਗਾ।

2015 ਵਿੱਚ ਪਾਕਿਸਤਾਨ ਅਤੇ ਈਰਾਨ ਦੇ ਸਬੰਧ ਵਿਗੜ ਗਏ ਸਨ। ਤਦ ਪਾਕਿਸਤਾਨ ਤੋਂ ਈਰਾਨੀ ਖੇਤਰ ਵਿੱਚ ਦਾਖਲ ਹੋਏ ਸੁੰਨੀ ਅੱਤਵਾਦੀਆਂ ਨਾਲ ਝੜਪ ਵਿੱਚ ਅੱਠ ਈਰਾਨੀ ਸੈਨਿਕ ਮਾਰੇ ਗਏ ਸਨ। ਇਹ ਅੱਤਵਾਦੀ ਵੀ ਜੈਸ਼ ਅਲ ਅਦਲ ਨਾਲ ਸਬੰਧਿਤ ਸਨ।

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸੁੰਨੀ ਆਬਾਦੀ ਜ਼ਿਆਦਾ ਹੈ ਅਤੇ ਇਸ ਦੇ ਅੱਤਵਾਦੀ ਸ਼ੀਆ ਦੇਸ਼ ਈਰਾਨ ਦੇ ਸੈਨਿਕਾਂ ‘ਤੇ ਵਾਰ-ਵਾਰ ਹਮਲੇ ਕਰਦੇ ਹਨ। ਇਸ ਕਾਰਨ ਪਾਕਿਸਤਾਨ-ਇਰਾਨ ਸਰਹੱਦ ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ।