ਬਿਉਰੋ ਰਿਪੋਰਟ : ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ 15 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਬੰਦ ਹਨ । ਪਿਛਲੇ ਸਾਲ ਉਨ੍ਹਾਂ ਦਿਲ ਦਾ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ SGPC ਪ੍ਰਧਾਨ ਅਤੇ ਹੋਰ ਪੰਥਕ ਆਗੂ ਉਨ੍ਹਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਸਨ । ਗੁਰਦੀਪ ਸਿੰਘ ਖੇੜਾ ਬਿਦਰ ਕਾਂਡ ਕਰਨਾਟਕਾ ਅਤੇ ਦਿੱਲੀ ਦੇ ਬੰਬ ਧਮਾਕਿਆਂ ਵਿਚ ਜੇਲ੍ਹ ਵਿਚ ਹਨ। ਪੈਰੋਲ ਮਿਲਣ ਤੋਂ ਬਾਅਦ ਉਹ ਅਪਣੇ ਘਰ ਪਿੰਡ ਜੱਲੂਪੁਰ ਖੇੜਾ ਵਿੱਚ ਪਹੁੰਚ ਗਏ ਹਨ। ਕੇਂਦਰੀ ਜੇਲ ਅੰਮ੍ਰਿਤਸਰ ਤੋਂ ਮਿਲੀ ਇਹ ਪੈਰੋਲ ਉਨ੍ਹਾਂ ਨੂੰ 2023 ਵਿਚ ਮਿਲਣੀ ਸੀ ਪਰ ਹੜਤਾਲਾਂ ਕਰ ਕੇ ਪੈਰੋਲ ਰਹਿ ਗਈ ਸੀ। ਇਸੇ ਲਈ ਉਹ ਹੁਣ ਬਾਹਰ ਆਏ ਹਨ ।
ਇਸ ਮੌਕੇ ਗੁਰਦੀਪ ਸਿੰਘ ਖੇੜਾਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਦਰ ਕਾਂਡ ਅਤੇ ਦਿੱਲੀ ਕਾਂਡ ਦੋਵਾਂ ਵਿਚ ਬਰਾਬਰ ਉਮਰ ਕੈਦ ਹੋਈ ਤੇ ਅਦਾਲਤ ਵਲੋਂ ਹੁਕਮ ਸੀ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ । ਪਰ ਦਿੱਲੀ ਕਾਂਡ ਵਿਚ ਉਨ੍ਹਾਂ ਦੀ ਸਜ਼ਾ ਖਤਮ ਹੋ ਗਈ ਹੈ ਤੇ ਬਿਦਰ ਕਾਂਡ ਸਬੰਧੀ ਉਨ੍ਹਾਂ ਨੂੰ ਜੇਲ ਵਿਚ ਰੱਖਿਆ ਜਾ ਰਿਹਾ ਹੈ। ਗੁਰਦੀਪ ਸਿੰਘ ਖੇੜਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਇਸ ਕਰਕੇ ਉਨ੍ਹਾਂ ਨੂੰ ਪੱਕੀ ਰਿਹਾਈ ਦਿਤੀ ਜਾਵੇ। ਖੇੜਾ ਖਿਲਾਫ 1996 ਵਿਚ ਨਵੀਂ ਦਿੱਲੀ ਅਤੇ ਕਰਨਾਟਕ ਦੇ ਬਿਦਰ ਵਿਚ TADA ਐਕਟ ਤਹਿਤ ਕੇਸ ਦਰਜ ਕੀਤੇ ਸਨ । ਜਿਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੁਰਦੀਪ ਸਿੰਘ ਖੇੜਾ 32 ਸਾਲਾਂ ਤੋਂ ਜੇਲ ਵਿਚ ਬੰਦ ਹਨ।