ਬਿਉਰੋ ਰਿਪੋਰਟ : ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਕਾਂਗਰਸ ਦੇ ਕਲੇਸ਼ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ । ਕਾਂਗਰਸ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਸਿੱਧੂ ਨੇ 7 ਜਨਵਰੀ ਨੂੰ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਰੈਲੀ ਦਾ ਐਲਾਨ ਕਰ ਦਿੱਤਾ ਹੈ । ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਸਿੱਧੂ ਨੇ ਜਿਹੜਾ ਪੋਸਟਰ ਜਾਰੀ ਕੀਤਾ ਹੈ । ਉਸ ਵਿੱਚ ਲਿਖਿਆ ਹੈ ਕਿ ਅਗਲੀ ਮੀਟਿੰਗ ਬਠਿੰਡਾ, ਸਾਰਿਆਂ ਨੂੰ ਸੱਦਾ । ਪੋਸਟਰ ਵਿੱਚ ਪਹਿਲੀ ਵਾਰ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਨਜ਼ਰ ਆਈ ਹੈ ਪਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਸਮੇਤ ਸੂਬੇ ਦਾ ਹੋਰ ਕੋਈ ਵੀ ਵੱਡਾ ਆਗੂ ਪੋਸਟਰ ਵਿੱਚ ਨਜ਼ਰ ਨਹੀਂ ਆ ਰਿਹਾ ਹੈ । ਸਿੱਧੂ ਨੇ ਨਾਲ ਹੀ ਨਾਅਰਾ ਲਿਖਿਆ ਹੈ ‘ਜਿੱਤੇਗਾ ਪੰਜਾਬ,ਜਿੱਤੇਗੀ ਕਾਂਗਰਸ’।
ਇਸ ਤੋਂ ਪਹਿਲਾਂ ਪਿਛਲੇ ਹਫਤੇ ਰਾਹੁਲ ਗਾਂਧੀ,ਕੌਮੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਕੇ ਦੇ ਨਾਲ ਸਿੱਧੂ ਸਮੇਤ ਵੜਿੰਗ ਧੜੇ ਦੀ ਮੀਟਿੰਗ ਤੋਂ ਬਾਅਦ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਸਿੱਧੂ ਦੀ ਹਿਮਾਚਲ ਭਵਨ ਵਿੱਚ ਵੱਖ ਤੋਂ ਮੀਟਿੰਗ ਹੋਈ ਸੀ । ਜਿਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਹੈ । ਹੋ ਸਕਦਾ ਹੈ ਕਿ ਇਸੇ ਵਜ੍ਹਾ ਕਰਕੇ ਸਿੱਧੂ ਨੇ 7 ਜਨਵਰੀ ਦੀ ਮੀਟਿੰਗ ਦੇ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਪਰ ਬਠਿੰਡਾ ਰੈਲੀ ਵਿੱਚ ਜਿਸ ਤਰ੍ਹਾਂ ਨਾਲ ਰਾਜਾ ਵੜਿੰਗ ਦੀ ਫੋਟੋ ਲਗਾਈ ਗਈ ਅਤੇ ਸੂਬੇ ਦੇ ਹੋਰ ਆਗੂਆਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ ਉਸ ਤੋਂ ਸਾਫ ਹੈ ਕਿ ਸਿੱਧੂ ਰੁਕਣ ਵਾਲੇ ਨਹੀਂ ਹਨ। ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਕਾਂਗਰਸ ਵਿੱਚ ਵੱਡਾ ਭੂਚਾਲ ਲੈਕੇ ਆ ਸਕਦੇ ਹਨ ਜਿਸ ਨਾਲ ਕੌਮੀ ਕਾਂਗਰਸ ਦੀ ਸਿਰਦਰਦੀ ਵਧਣ ਵਾਲੀ ਹੈ ।
ਮੇਹਰਾਜ ਰੈਲੀ ਤੋਂ ਬਾਅਦ ਸਿੱਧੂ ਖਿਲਾਫ ਅਵਾਜ਼ ਉੱਠੀ ਸੀ
ਦਸੰਬਰ ਵਿੱਚ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਮੇਹਰਾਜ ਰੈਲੀ ਕੀਤੀ ਸੀ। ਇਸ ਵਿੱਚ ਕਾਂਗਰਸ ਹਾਈਕਮਾਨ ਤੋਂ ਇਲਾਵਾ ਸੂਬੇ ਦੇ ਕਿਸੇ ਵੀ ਆਗੂ ਦੀ ਤਸਵੀਰ ਨਹੀਂ ਸੀ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਉਹ ਆਪਣਾ ਵੱਖ ਤੋਂ ਮੰਚ ਨਾ ਸਜਾਉਣ ਅਤੇ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣ। ਪਹਿਲਾਂ ਹੀ ਸਿੱਧੂ ਦੀ ਪ੍ਰਧਾਨਗੀ ਵਿੱਚ 77 ਤੋਂ 17 ਸੀਟਾਂ ਹੀ ਰਹਿ ਗਈਆਂ ਹਨ । ਇਸ ਤੋਂ ਬਾਅਦ 9 ਸਾਬਕਾ ਅਤੇ ਮੌਜੂਦਾ ਵਿਧਾਇਕਾਂ ਨੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਲਈ ਹਾਈਕਮਾਨ ਨੂੰ ਅਪੀਲ ਕੀਤੀ ਸੀ। ਰਾਜਾ ਵੜਿੰਗ ਅਤੇ ਪਰਗਟ ਸਿੰਘ ਨੇ ਵੀ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਉਹ ਅਨੁਸ਼ਾਸਨਹੀਨਤਾ ਨਾ ਵਿਖਾਉਣ ।
ਇਸ ਦੇ ਜਵਾਬ ਵਿੱਚ ਸਿੱਧੂ ਨੇ ਆਪਣੇ ਹਮਾਇਤੀ ਸਾਬਕਾ ਵਿਧਾਇਕਾਂ ਦੇ ਜ਼ਰੀਏ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕੀਤੀ ਸੀ ਕਿ ਸਾਨੂੰ ਮੀਟਿੰਗ ਵਿੱਚ ਸਦਿਆ ਹੀ ਨਹੀਂ ਜਾਂਦਾ ਹੈ । ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ‘ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ। ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ‘ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ।