Punjab

ਡਰੱਗ ਕੇਸ ‘ਚ SIT ਸਾਹਮਣੇ ਅੱਗੇ ਪੇਸ਼ ਹੋਏ ਮਜੀਠੀਆ….

Majithia appears before SIT in drug case....

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਮੁੜ ਤੋਂ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਟ ਟੀਮ ਅੱਗੇ ਪੇਸ਼ ਹੋਏ ਹਨ। ਇਸੇ ਦੌਰਾਨ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਇਸ ਕੇਸ ਨਾ ਕੋਈ ਲੇਣਾ ਦੇਣਾ ਨਹੀਂ ਹੈ, ਸਿਰਫ ਬਦਲਾਖੋਰੀ ਦੀ ਰਾਜਨਿਤੀ ਦੇ ਤਹਿਤ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐੱਸ.ਆਈ.ਟੀ. ਬਣਾ ਲੈਣ ਅਤੇ ਹੁਣ ਉਹ ਉਨ੍ਹਾਂ ਨਾਲ ਦੋ ਦੋ ਹੱਥ ਕਰਨਾ ਚਾਹੁੰਦੇ ਹਨ। । ਮਜੀਠੀਆ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ। ਇਸਦੇ ਨਾਲ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਵੀ ਪ੍ਰਗਟਾਇਆ ਹੈ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਆਉਣਾ ਤਾਂ ਨਹੀਂ ਸੀ ਪਰ ਉਹ ਖੁਸ਼ੀ-ਖੁਸ਼ੀ ਪੇਸ਼ ਹੋਣ ਲਈ ਆ ਗਏ ਹਨ। ਉਨਾਂ ਨੇ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਉਨ੍ਹਾਂ ‘ਤੇ ਝੂਠਾ ਕੇਸ ਪਾ ਕੇ ਉਨ੍ਹਾਂ ਨੂੰ ਫਸਾਉਣਾ ਚਾਹੁੰਦੀ ਹੈ।

20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਮੋਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਿਆ ਸੀ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ 11 ਅਗਸਤ ਨੂੰ ਬਾਹਰ ਆ ਗਿਆ।

ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਸਿੱਟ ਵੱਲੋਂ ਮਜੀਠੀਆ ਤੋਂ ਸੱਤ ਘੰਟੇ ਪੁੱਛ ਪੜਤਾਲ ਕੀਤੀ ਗਈ ਸੀ ਉਸ ਮਗਰੋਂ 27 ਦਸੰਬਰ ਨੂੰ ਮੁੜ ਸੱਦਿਆ ਗਿਆ ਸੀ ਪਰ ਮਜੀਠੀਆ ਨੇ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟਾਈ ਸੀ। ਇਸ ਤਰ੍ਹਾਂ ਅੱਜ ਦੂਜੀ ਵਾਰ ਉਸ ਤੋਂ ਪੁੱਛ ਪੜਤਾਲ ਸ਼ੁਰੂ ਹੋ ਚੁੱਕੀ ਹੈ। ਸ੍ਰੀ ਛੀਨਾ ਦੀ ਅਗਵਾਈ ਹੇਠਲੀ ਇਸ ਸਿੱਟ ਵਿੱਚ ਰਣਜੀਤ ਸਿੰਘ ਢਿੱਲੋਂ, ਏਸੀਪੀ ਹਰਵਿੰਦਰ ਸਿੰਘ ਵਿਰਕ ਤੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਹਨ।