Punjab

ਮਨਜੀਤ ਸਿੰਘ ਜੀਕੇ ਦੂਜੀ ਵਾਰ ਅਕਾਲੀ ਦਲ ‘ਚ ਸ਼ਾਮਲ !

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਏਕੇ ਦੀ ਅਪੀਲ ਦਾ ਦਿੱਲੀ ਵਿੱਚ ਵਿਖਾਈ ਦਿੱਤਾ ਹੈ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਮਨਜੀਤ ਸਿੰਘ ਜੀਕੇ ਨੇ ਦੂਜੀ ਵਾਰ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਮੌਜੂਦ ਰਹੇ । ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਕਿਉਂਕਿ ਮੌਜੂਦਾ ਹਾਲਾਤਾਂ ਨੂੰ ਵੇਖ ਦੇ ਹੋਏ ਪੰਥ ਵਿੱਚ ਏਕੇ ਦੀ ਜ਼ਰੂਰਤ ਹੈ । ਜੇਕਰ ਅਸੀਂ ਸਿਰ ਨਹੀਂ ਜੋੜੇ ਤਾਂ ਸਰਕਾਰਾਂ ਨੇ ਸਾਨੂੰ ਨਹੀਂ ਪੁੱਛਣਾ ਹੈ,ਸਾਡੀ ਆਵਾਜ਼ ਨਹੀਂ ਸੁਣਨੀ ਹੈ । ਬੰਦੀ ਸਿੰਘਾਂ ਅਤੇ ਰਾਜੋਆਣਾ ਦੀ ਰਿਹਾਈ ਕੌਮ ਦੇ ਲਈ ਵੱਡੀ ਚੁਣੌਤੀ ਹੈ। ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਈ ਹੈ,ਜਦਕਿ ਬਿਲਕਿਸ ਬਾਨੋ ਦੇ ਮੁਲਜ਼ਮਾਂ ਨੂੰ ਰਿਹਾ ਕੀਤਾ ਗਿਆ। 84 ਨਸਲਕੁਸ਼ੀ ਦੇ ਬੁੱਚੜ ਕਿਸ਼ੋਰੀ ਲਾਲ ਜਿਸ ਨੇ ਤ੍ਰਿਲੋਕਪੁਰੀ ਵਿੱਚ 80 ਕਤਲ ਕੀਤੇ ਉਸ ਦੀ ਫਾਂਸੀ ਦੀ ਸ਼ਜ਼ਾ ਤੁਸੀਂ ਮੁਆਫ ਕਰ ਸਕਦੇ ਹੋ,ਤੁਸੀਂ ਇਨਸਾਫ ਕਰਨ ਵੇਲੇ ਕਿਹੜਾ ਚਸ਼ਮਾ ਪਾਉਂਦੇ ਹੋ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਜੀਕੇ ਦਾ ਪਾਰਟੀ ਵਿੱਚ ਸੁਆਗਤ ਕਰਦੇ ਹੋਏ ਕਿਹਾ ਮੈਂ ਪਾਰਟੀ ਦੇ ਏਕੇ ਲਈ ਇੱਕ ਵਾਰ ਮੁੜ ਤੋਂ ਮੁਆਫੀ ਮੰਗਦਾ ਹਾਂ। ਸਾਡੇ ਲਈ ਕੌਮ ਨੰਬਰ 1 ‘ਤੇ ਹੈ,ਜਿਹੜੇ ਅੱਖਾਂ ਵਿਖਾਉਂਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਕੌਮ ਵੰਡੀ ਹੋਈ ਸੀ। ਜਿਹੜੇ ਮਨ ਬਣਾ ਰਹੇ ਹਨ ਮੈਂ ਉਨ੍ਹਾਂ ਨੂੰ ਇਕੱਠੇ ਆਉਣ ਦਾ ਮੁੜ ਤੋਂ ਸੁਨੇਹਾ ਦਿੰਦਾ ਹਾਂ।

ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਨਜੀਤ ਸਿੰਘ ਜੀਕੇ ਦਾ ਸੁਆਗਤ ਕਰਦੇ ਹੋਏ ਕਿਹਾ ਜਿੰਨਾਂ ਲੋਕਾਂ ਨੇ ਮਨਜੀਤ ਸਿੰਘ ਜੀਕੇ ਨੂੰ ਬਾਹਰ ਕੱਢਵਾਇਆ ਸੀ । ਉਹ ਦੂਜੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਹ ਮੁੜ ਤੋਂ ਘਰ ਵਾਪਸੀ ਕਰ ਰਹੇ ਹਨ। ਇਸ ਏਕੇ ਨਾਲ ਪਾਰਟੀ ਨੂੰ ਤਾਕਤ ਮਿਲੇਗੀ । ਉਧਰ ਪਰਮਜੀਤ ਸਿੰਘ ਸਰਨਾ ਨੇ ਵੀ ਮਨਜੀਤ ਸਿੰਘ ਜੀਕੇ ਦਾ ਪਾਰਟੀ ਵਿੱਚ ਸੁਆਗਤ ਕੀਤਾ । ਸਰਨਾ ਨੇ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜੋ ਸੁਖਬੀਰ ਸਿੰਘ ਬਾਦਲ ਦੀ ਮੁਆਫੀ ‘ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਜਿੰਨਾਂ ਅਕਾਲੀ ਦਲ ਦੀ ਸਰਕਾਰ ਵੇਲੇ ਕੁਰਸੀਆਂ ਦਾ ਸੁੱਖ ਭੋਗਿਆ ਉਹ ਮੁਸ਼ਕਿਲ ਵੇਲੇ ਦੂਰ ਹੋ ਗਏ ਹਨ । ਸਰਨਾ ਨੇ ਪੰਜਾਬ ਵਿੱਚ ਵੱਖ-ਵੱਖ ਅਕਾਲੀ ਦਲਾਂ ਨੂੰ ਕਿਹਾ ਜਿਸ ਤਰ੍ਹਾਂ ਮਨਜੀਤ ਸਿੰਘ ਜੀਕੇ ਨੇ ਸਭ ਤੋਂ ਪਹਿਲਾਂ ਕਦਮ ਵਧਾਇਆ ਹੈ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਅਕਾਲੀ ਦਲਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇਕਰ ਅਸੀਂ ਇਕੱਠੇ ਨਾ ਹੋਏ ਤਾਂ ਜਿਹੜਾ ਹਾਲ ਮੁਸਲਮਾਨਾਂ ਦਾ ਹੋਇਆ ਉਹ ਹੀ ਸਾਡਾ ਹੋਵੇਗਾ ।

2021 ਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਜਾਗੋ ਪਾਰਟੀ ਦਾ ਗਠਨ ਕਰਕੇ ਚੋਣ ਲੜੀ ਸੀ । ਪਰ ਉਨ੍ਹਾਂ ਦੇ ਸਿਰਫ 3 ਉਮੀਦਵਾਰ ਹੀ ਜਿੱਤ ਸਕੇ ਸਨ । ਇਸ ਤੋਂ ਪਹਿਲਾਂ 2007 ਵਿੱਚ ਮਨਜੀਤ ਸਿੰਘ ਜੀਕੇ ਨੇ ਆਪਣੀ ਪਾਰਟੀ ਦਾ ਰਿਲੇਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤਾ ਸੀ । ਇਸ ਤੋਂ ਬਾਅਦ 2011 ਤੋਂ ਤਕਰੀਬਨ 9 ਸਾਲ ਤੱਕ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹੇ ਸਨ । ਪਰ 2019 ਵਿੱਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਿਆ ਅਤੇ ਅਦਾਲਤ ਵਿੱਚ ਕੇਸ ਪਹੁੰਚ ਗਿਆ । ਜਿਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਆਪਣੇ ਅਹੁਦੇ ਤੋਂ ਅਸਤਾਫੀ ਦਿੱਤਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ । ਸਿਰਸਾ ਦੀ ਅਗਵਾਈ ਵਿੱਚ 2021 ਵਿੱਚ ਅਕਾਲੀ ਦਲ ਚੋਣ ਲੜੀ ਸੀ ਅਤੇ 46 ਵਿੱਚੋਂ 27 ਸੀਟਾਂ ਹਾਸਲ ਕੀਤੀਆਂ ਸਨ । ਪਰ ਉਹ ਆਪ ਚੋਣ ਹਾਰ ਗਏ । ਉਸ ਵੇਲੇ ਅਕਾਲੀ ਦਲ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਪਾਰਟੀ ਨੇ ਵੱਖ ਤੋਂ ਚੋਣ ਲੜੀ ਸੀ । ਸਰਨਾ ਧੜੇ ਨੂੰ 14 ਸੀਟਾਂ ਮਿਲਿਆ ਸਨ ਜਦਕਿ ਜੀਕੇ ਨੂੰ 3 ਸੀਟਾਂ ਮਿਲਿਆ ਸੀ। ਅਕਾਲੀ ਦਲ ਨੇ ਉਸੇ ਵੇਲੇ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਚੁਣਿਆ ਸੀ । ਪਰ ਪ੍ਰਧਾਨ ਬਣਨ ਤੋਂ ਕੁਝ ਹੀ ਦਿਨ ਬਾਅਦ ਉਨ੍ਹਾਂ ਨੇ ਸਾਰੇ 27 ਮੈਂਬਰਾਂ ਦੇ ਨਾਲ ਪਾਰਟੀ ਤੋਂ ਅਸਤੀਫਾ ਦੇਕੇ ਆਪਣੀ ਪਾਰਟੀ ਬਣਾ ਦਿੱਤੀ ।