Punjab

ਹੁਣ ਤੋੜਨਗੇ ਰਾਜੋਆਣਾ ਭੁੱਖ ਹੜਤਾਲ ! ਜਥੇਦਾਰ ਸ਼੍ਰੀ ਅਕਾਲ ਤਖ਼ਤ ਨੇ ਆਪ ਮੋਰਚਾ ਸੰਭਾਲਿਆ !

ਬਿਉਰੋ ਰਿਪੋਰਟ : ਪੰਜ ਸਿੰਘ ਸਾਹਿਬਾਨਾਂ ਦੇ ਆਦੇਸ਼ ਦੇ 24 ਘੰਟੇ ਬਾਅਦ ਵੀ ਜਦੋਂ ਬਲਵੰਤ ਸਿੰਘ ਰਾਜੋਆਣਾ ਆਪਣੇ ਭੁੱਖ ਹੜਤਾਲ ਦੇ ਫੈਸਲੇ ‘ਤੇ ਅੜੇ ਤਾਂ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੱਡਾ ਫੈਸਲਾ ਲਿਆ ਹੈ । ਉਹ ਆਪ ਇੱਕ ਡੈਲੀਗੇਸ਼ਨ ਦੇ ਨਾਲ ਜੇਲ੍ਹ ਵਿੱਚ ਰਾਜੋਆਣਾ ਨਾਲ ਮਿਲਕੇ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਉਣਗੇ ਦੀ ਕੋਸ਼ਿਸ਼ ਕਰਗੇ । ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦੇ ਨਾਲ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਡੈਲੀਗੇਸ਼ਨ ਦਾ ਹਿੱਸਾ ਹੋਣਗੇ ।

SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉੱਚ ਪੱਧਰੀ ਵਫ਼ਦ ਦੀ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਲਈ ਪੰਜਾਬ ਦੇ DGP ਜੇਲ੍ਹ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪ੍ਰਿੰਟੈਂਡੈਂਟ ਨੂੰ ਪੱਤਰ ਭੇਜਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਭਾਈ ਰਾਜੋਆਣਾ ਸਬੰਧੀ ਭੁੱਖ ਹੜਤਾਲ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਵਫ਼ਦ ਨੂੰ ਮੁਲਾਕਾਤ ਲਈ ਤੁਰੰਤ ਸਮਾਂ ਦਿੱਤਾ ਜਾਵੇ।

ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਖ-ਵੱਖ ਸਿੱਖ ਸਟੂਡੈਂਟ ਫੈਡਰੇਸ਼ਨਾਂ ਨਾਲ ਮੀਟਿੰਗ ਕਰਕੇ ਰਾਜੋਆਣਾ ਦੀ ਰਿਹਾਈ ਦੇ ਲਈ ਰਣਨੀਤੀ ਤਿਆਰ ਕੀਤੀ । ਉਧਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਾਜੋਆਣਾ ਨੂੰ ਅਪੀਲ ਕੀਤੀ ਸੀ ਕਿ ਉਹ ਭੁੱਖ ਹੜਤਾਲ ਖਤਮ ਕਰਨ । ਉਨ੍ਹਾਂ ਦੀ ਭੁੱਖ ਹੜਤਾਲ ਨਾਲ ਸਰਕਾਰਾਂ ਨੂੰ ਫਾਇਦਾ ਹੋਵੇਗਾ।