Punjab

CM ਮਾਨ ਦੇ 11 ਰੁਪਏ ਸ਼ਗਨ ਤੋਂ ਨਾਰਾਜ਼ ਗੰਨਾ ਕਿਸਾਨ , ਕਿਸਾਨਾਂ ਨੇ ਮੁੜ ਹਾਈਵੇਅ ਜਾਮ ਕਰਨ ਦਾ ਕੀਤਾ ਐਲਾਨ…

Cane farmers angry with CM Mann's 11 rupee omen

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ ਦੇ ਚੜ੍ਹਦੇ ਮਹੀਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮਾਨ ਸਰਕਾਰ ਵੱਲੋਂ ਗੰਨੇ ਦੇ ਭਾਅ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਗੰਨੇ ਦੀ ਕੀਮਤ 11 ਰੁਪਏ ਵਧਾਈ ਗਈ ਹੈ ਤਾਂ ਦੂਜੇ ਬੰਨੇ ਗੰਨੇ ਦਾ ਰੇਟ 11 ਰੁਪਏ ਵਧਾਉਣ ਦੇ ਬਾਵਜੂਦ ਕਿਸਾਨ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਮੁੜ ਤੋਂ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਕਿਸਾਨਾਂ ਨੇ ਮੁੱਖ ਮੰਤਰੀ ਮਾਨ ‘ਤੇ ਵਾਅਦਾ ਖ਼ਿਲਾਫ਼ੀ ਦਾ ਇਲਜ਼ਾਮ ਲਗਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਾਨ ਨੇ ਗੰਨੇ ਦਾ ਰੇਟ 14 ਰੁਪਏ ਵਧਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਗੰਨੇ ‘ਤੇ ਪੰਜਾਬ ‘ਚ ਸਭ ਤੋਂ ਵੱਧ ਲਾਗਤ ਅਤੇ ਖ਼ਰਚ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ CM ਵੱਲੋਂ ਸ਼ੂਗਰ ਮਿੱਲ ਵੀ ਚਲਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਬੀਰ ਚੌਹਾਨ ਨੇ ਕਿਹਾ ਕਿ ਗੰਨੇ ਦੀ ਕੀਮਤ ‘ਚ ਵਾਧੇ ਸਬੰਧੀ ਸਿਰਫ਼ ਐਕਸ ‘ਤੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਬਾਰੇ ਕੋਈ ਨੋਟੀਫ਼ਿਕੇਸ਼ਨ ਵੀ ਨਹੀਂ ਜਾਰੀ ਕੀਤਾ ਗਿਆ।

ਮੁੱਖ ਮੰਤਰੀ ਨੂੰ ਸ਼ਨੀਵਾਰ ਨੂੰ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ। ਗੰਨਾ ਕਾਸ਼ਤਕਾਰਾਂ ਨੇ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜਿਸ ਦਿਨ ਇਨ੍ਹਾਂ ਕੇਸਾਂ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਫਿਰ ਉਸ ਦਾ ਜਵਾਬ ਦਿੱਤਾ ਜਾਵੇਗਾ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਵੇਰੇ ਟਵੀਟ ਕਰਕੇ ਪੂਰੇ ਸੂਬੇ ਦੇ ਕਿਸਾਨਾਂ ਨੂੰ ਗੰਨੇ ਦੇ ਰੇਟ ਵਧਾਉਣ ਲਈ ਵਧਾਈ ਦਿੱਤੀ ਸੀ। ਮਾਨ ਨੇ ਲਿਖਿਆ- 11 ਰੁਪਏ ਪੰਜਾਬ ਵਿੱਚ ਸ਼ੁਭ ਸ਼ਗਨ ਹੈ। ਅੱਜ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਭਾਅ ਵਿੱਚ 11 ਰੁਪਏ ਦਾ ਵਾਧਾ ਕਰਕੇ ਇੱਕ ਚੰਗਾ ਸੰਕੇਤ ਦਿੱਤਾ ਗਿਆ ਹੈ। ਪੰਜਾਬ ਵਿੱਚ ਗੰਨੇ ਦਾ ਰੇਟ ਬਾਕੀ ਦੇਸ਼ ਨਾਲੋਂ 391 ਰੁਪਏ ਵੱਧ ਹੈ। ਅਖੀਰ ਵਿੱਚ ਸੀਐਮ ਮਾਨ ਨੇ ਲਿਖਿਆ ਕਿ ਤੁਹਾਡਾ ਪੈਸਾ ਤੁਹਾਡਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੇ ਕਿਸਾਨਾਂ ਨੇ ਜੰਮੂ-ਰਾਸ਼ਟਰੀ ਹਾਈਵੇਅ ‘ਤੇ ਜਲੰਧਰ ਦੇ ਧਨੋਵਾਲੀ ਫਾਟਕ ਨੇੜੇ ਪ੍ਰਦਰਸ਼ਨ ਕੀਤਾ ਸੀ। ਕਰੀਬ 84 ਘੰਟੇ ਬਾਅਦ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਅਤੇ ਫਿਰ ਹੜਤਾਲ ਖਤਮ ਕਰ ਦਿੱਤੀ ਗਈ।

ਇਸ ਕਾਰਨ ਰੇਲਵੇ ਟਰੈਕ ਵੀ ਕਰੀਬ 24 ਘੰਟੇ ਬੰਦ ਰਿਹਾ। ਜਿਸ ਕਾਰਨ ਕਰੀਬ 182 ਟਰੇਨਾਂ ਵੀ ਪ੍ਰਭਾਵਿਤ ਹੋਈਆਂ। ਸੀਐਮ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕਿਸਾਨਾਂ ਨੂੰ ਤੋਹਫੇ ਵਜੋਂ ਗੰਨੇ ਦੇ ਰੇਟ ਜਲਦੀ ਹੀ ਵਧਾ ਦੇਣਗੇ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ।