India International Punjab

ਵਿਦੇਸ਼ ਦੀ ਧਰਤੀ ਤੋਂ ਪੰਜਾਬ ਦੇ ਦੋ ਨੌਜਵਾਨਾਂ ਨੂੰ ਲੈ ਕੇ ਆਈ ਮਾੜੀ ਖ਼ਬਰ…

Two youths from Punjab died due to heart attack from foreign land...

ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵਲ ਜਾਣ ਦਾ ਰੁਝਾਨ ਪੰਜਾਬੀਆਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ। ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਵਾਲੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹੇ ਹੀ ਦੋ ਮਾਮਲੇ ਸਾਈਪ੍ਰਸ ਅਤੇ ਕੈਨੇਡਾ ਤੋਂ ਸਾਹਮਣੇ ਆਏ ਹਨ।

ਕੈਨੇਡਾ ’ਚ ਰਹਿੰਦੇ ਦਿੜ੍ਹਬਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਦਿੜ੍ਹਬਾ ਕਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਆਪਣੀ ਪਤਨੀ ਸਮੇਤ ਉੱਥੇ ਰਹਿ ਰਿਹਾ ਸੀ।

ਮ੍ਰਿਤਕ ਦੇ ਪਿਤਾ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸਾਲ 2017 ਵਿੱਚ ਐਡਮੰਟਨ ਗਿਆ ਸੀ ਤੇ ਉਹ ਵੀ ਉਸ ਕੋਲ ਪੰਜ ਮਹੀਨੇ ਬਿਤਾਉਣ ਮਗਰੋਂ ਪਿਛਲੇ ਦਿਨੀਂ ਹੀ ਪਰਤਿਆ ਹੈ। ਹਰਕੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਿੜ੍ਹਬਾ ਪੁੱਜਣ ਤੋਂ ਦੋ ਘੰਟੇ ਬਾਅਦ ਹੀ ਨੂੰਹ ਮਨਦੀਪ ਕੌਰ ਦਾ ਕੈਨੇਡਾ ਤੋਂ ਫ਼ੋਨ ਆਇਆ ਕਿ ਮਨਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਨਪ੍ਰੀਤ ਦੇ ਪਰਿਵਾਰ ’ਚ ਪਤਨੀ ਤੇ ਚਾਰ ਸਾਲਾਂ ਦਾ ਇੱਕ ਪੁੱਤਰ ਹੈ।

ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਇੱਕ ਨੌਜਵਾਨ ਦੀ ਵਿਦੇਸ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਨੌਜਵਾਨ 10 ਦਿਨ ਪਹਿਲਾਂ ਆਪਣੀ ਪਤਨੀ ਨਾਲ ਸਾਈਪ੍ਰਸ ਗਿਆ ਸੀ, ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਇਹ ਦਰਦਨਾਕ ਘਟਨਾ ਵਾਪਰ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਵਾਂਦਰ ਡੋਡ ਵਜੋਂ ਹੋਈ ਹੈ। ਇਸ ਘਟਨਾ ਤੋਂ ਪਿੰਡ ਦੇ ਲੋਕ ਦੁਖੀ ਹਨ।

ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਲਵਜੀਤ ਦੀ ਪਤਨੀ ਸੁਖਜਿੰਦਰ ਕੌਰ ਕਰੀਬ 4 ਸਾਲ ਪਹਿਲਾਂ ਸਾਈਪ੍ਰਸ ਗਈ ਸੀ। ਲਵਜੀਤ ਸਿੰਘ 19 ਨਵੰਬਰ ਨੂੰ ਆਪਣੀ ਪਤਨੀ ਨਾਲ ਸਾਈਪ੍ਰਸ ਗਿਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਇੱਕ ਪੰਜ ਸਾਲ ਦੀ ਬੇਟੀ ਵੀ ਹੈ। ਰਿਸ਼ਤੇਦਾਰਾਂ ਨੇ ਲਵਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।