Punjab

ਪੰਜਾਬ ਵਿਧਾਨਸਭਾ ‘ਚ 4 ਬਿੱਲ ਪਾਸ ! ਲਾਅ ਐਂਡ ਆਰਡਰ ‘ਤੇ ਵਿਰੋਧੀ ਧਿਰ ਦਾ ਵਾਕਆਊਟ !

ਬਿਉਰੋ ਰਿਪੋਰਟ : ਸਰਦਰੁੱਤ ਇਜਲਾਸ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨਾਲ ਹਾਸੇ ਮਜ਼ਾਕ ਤੋਂ ਬਾਅਦ ਦੂਜੇ ਦਿਨ ਤਲਖੀ ਨਜ਼ਰ ਆਈ । ਅਖੀਰਲੇ ਦਿਨ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਕਾਨੂੰਨੀ ਹਾਲਾਤਾਂ, ਡਰੱਗ,ਗੈਰਕਾਨੂੰਨੀ ਮਾਇਨਿੰਗ,ਬੇਅਦਬੀ ਅਤੇ ਗੋਲੀਕਾਂਡ,ਪੁਰਾਣੀ ਪੈਨਸ਼ਨ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕਰਦੇ ਹੋਏ ਵਿਧਾਨਸਭਾ ਸੈਸ਼ਨ 6 ਦਿਨ ਹੋਰ ਵਧਾਉਣ ਦੀ ਮੰਗ ਕੀਤੀ । ਸਪੀਕਰ ਨੇ ਜਵਾਬ ਵਿੱਚ ਕਿਹਾ ਕਾਨੂੰਨੀ ਹਾਲਾਤਾਂ ‘ਤੇ ਬਹਿਸ ਹੋ ਚੁੱਕੀ ਹੈ ਤੁਸੀਂ ਹੋਰ ਮੁੱਦੇ ਚੁੱਕ ਸਕਦੇ ਹੋ ਜਦੋਂ ਬਾਜਵਾ ਨੇ ਵਿਸਤਾਰ ਨਾਲ ਬਹਿਸ ਦੀ ਮੰਗ ਕੀਤੀ ਤਾਂ ਸਪੀਕਰ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਿਸ ਦੇ ਵਿਰੋਧੀ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਵਿੱਚ ਨਾਅਰੇ ਬਾਜ਼ੀ ਕੀਤੀ ਅਤੇ ਵਾਕਆਊਟ ਕਰ ਦਿੱਤਾ । 4 ਬਿੱਲ ਪਾਸ ਕਰਨ ਤੋਂ ਬਾਅਦ ਵਿਧਾਨਸਭਾ ਅਣਮਿੱਥੇ ਸਮੇ ਦੇ ਲਈ ਮੁਲਤਵੀ ਕਰ ਦਿੱਤੀ ਗਈ । ਵਿਧਾਨਸਭਾ ਤੋਂ ਬਾਹਰ ਆਕੇ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਅਤੇ ਪਰਗਟ ਸਿੰਘ ਨੇ ਸਪੀਕਰ ‘ਤੇ ਵਿਤਕਰੇ ਦਾ ਇਲਜ਼ਾਮ ਲਗਾਇਆ ।

ਲਾਰੈਂਸ ਦੇ ਇੰਟਰਵਿਉ ਦਾ ਮੁੱਦਾ ਉਠਿਆ

ਵਿਧਾਨਸਭਾ ਦੇ ਅੰਦਰ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਵੀ ਲਾਅ ਐਂਡ ਆਰਡਰ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ 7 ਮਹੀਨੇ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਟੈਲੀਕਾਸਟ ਹੋਇਆ ਸੀ । ਮੁੱਦਾ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਚੁੱਕਿਆ ਗਿਆ ਹੈ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ADGP ਜੇਲ੍ਹ ਦੇ ਵੱਲੋਂ ਹੁਣ ਤੱਕ ਇਹ ਟ੍ਰੇਸ ਨਹੀਂ ਕੀਤਾ ਗਿਆ ਹੈ ਕਿ ਇੰਟਰਵਿਉ ਕਦੋਂ ਅਤੇ ਕਿੱਥੇ ਹੋਇਆ ਹੈ ।

ਕਿਸਾਨਾਂ ਦੇ ਬਾਜਵਾ ਦੀ ਸਪੀਕਰ ਨਾਲ ਬਹਿਸ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਸਪੀਕਰ ਦੇ ਸਾਹਮਣੇ ਬੀਤੇ ਦਿਨ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਖਿਲਾਫ 2 ਸਾਲ ਪੁਰਾਣੇ ਵਾਅਦੇ ਪੂਰਾ ਨਾ ਕਰਨ ਖਿਲਾਫ ਨਿੰਦਾ ਪਸਤਾਵ ਰੱਖਿਆ ਸੀ । ਪਰ ਅੱਜ ਸਪੀਕਰ ਨੇ ਉਸ ਵਿੱਚ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਖਾਰਜ ਕਰ ਦਿੱਤਾ । ਉਨ੍ਹਾਂ ਨੇ ਇਲਜ਼ਾਮ ਲਗਾਇਆ ਇਸ ਤੋਂ ਸਾਫ ਹੈ ਕਿ ਮਾਨ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ,ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ।

SYL ਦਾ ਮੁੱਦਿਆ ਉਠਿਆ

ਕਾਂਗਰਸ ਦੇ ਆਗੂ ਪਰਗਟ ਸਿੰਘ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕਿਆ ਅਤੇ ਵਿਧਾਨਸਭਾ ਵਿੱਚ ਇਸ ‘ਤੇ ਲੰਮੀ ਚਰਚਾ ਦੀ ਮੰਗ ਕੀਤੀ । ਉਨ੍ਹਾਂ ਕਿਹਾ ਮੁੱਖ ਮੰਤਰੀ ਇਸ ਚਰਚਾ ਨੂੰ ਲੁਧਿਆਣਾ ਤੱਕ ਲੈ ਗਏ । ਪਰਗਟ ਸਿੰਘ ਨੇ ਕਿਹਾ ਆਲ ਪਾਰਟੀ ਮੀਟਿੰਗ ਸੱਦੀ ਜਾਵੇ ਅਤੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇ। 1982 ਦੇ ਬਾਅਦ ਪਾਣੀਆਂ ਨੂੰ ਲੈਕੇ ਕੋਈ ਵਾਇਟ ਪੇਪਰ ਨਹੀਂ ਆਇਆ ਹੈ ।

ਬਾਜਵਾ ਦੀ ਚੁਣੌਤੀ ‘ਤੇ ਸਿਹਤ ਮੰਤਰੀ ਦਾ ਜਵਾਬ

ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਇਲਾਕੇ ਕਾਦੀਆਂ ਵਿੱਚ ਮੁਹੱਲਾ ਕਲੀਨਿਕ ਨਾ ਹੋਣ ‘ਤੇ ਸਰਕਾਰ ‘ਤੇ ਵਿਤਕਰੇ ਦਾ ਇਲਜ਼ਾਮ ਲਗਾਇਆ ਹੈ । ਇਸ ਦਾ ਜਵਾਬ ਵਿੱਚ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਗੁਰਦਾਸਪੁਰ ਅਤੇ ਕਾਦੀਆਂ ਵਿੱਚ ਖੁੱਲੇ ਮੁਹੱਲਾ ਕਲੀਨਿਕਾਂ ਦੀ ਲਿਸਟ ਪੜ੍ਹ ਕੇ ਸੁਣਾ ਦਿੱਤੀ ਅਤੇ ਤੰਜ ਕੱਸ ਦੇ ਹੋਏ ਕਿਹਾ ਕਿ ਲੱਗ ਦਾ ਹੈ ਕਿ ਬਾਜਵਾ ਸਾਬ੍ਹ ਆਪਣੇ ਹਲਕੇ ਵਿੱਚ ਨਹੀਂ ਜਾਂਦੇ ਹਨ। ਮੰਤਰੀ ਨੇ ਕਿਹਾ ਕਿ ਉਹ ਆਪ ਉਨ੍ਹਾਂ ਦੇ ਹਲਕੇ ਵਿੱਚ ਆਉਣਗੇ ਅਤੇ ਉਨ੍ਹਾਂ ਨੂੰ ਨਾਲ ਲੈਕੇ ਚੱਲਣਗੇ । ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਪੁੱਛਿਆ ਕਿ ਮਾਨ ਸਰਕਾਰ ਵੱਲੋਂ ਐਲਾਨ 16 ਮੈਡੀਕਲ ਕਾਲਜਾਂ ਵਿੱਚ ਕੋਈ ਕਾਲਜ ਗੁਰਦਾਸਪੁਰ ਵਿੱਚ ਵੀ ਖੁੱਲ ਰਿਹਾ ਹੈ ਤਾਂ ਸਿਹਤ ਮੰਤਰੀ ਨੇ ਕਿਹਾ ਗੁਰਦਾਸਪੁਰ ਵਿੱਚ ਵੀ ਖੁੱਲੇਗਾ ਇਸ ਦੇ ਲਈ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।

20 ਹਜ਼ਾਰ ਸਕੂਲ ਮਾਰਚ ਤੱਕ ਹੋਣਗੇ ਵਾਇਫਾਈ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਨੂੰ ਲੈਕੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ 31 ਮਾਰਚ 2024 ਤੱਕ ਸਿੰਗਲ ਜਾਂ ਟੀਚਰ ਲੈਸ ਸਕੂਲ ਨਹੀਂ ਰਹੇਗਾ । ਇਸ ਸਮੇਂ ਵਿੱਚ ਸਾਰੇ 20000 ਸਰਕਾਰੀ ਸਕੂਲ ਵਾਈਫਾਈ ਨਾਲ ਜੁੜਨਗੇ । ਇੰਨਾਂ ਹੀ ਨਹੀਂ 4000 ਸਕੂਲਾਂ ਵਿੱਚ ਹੁਣ ਤੱਕ ਵਾਇਫਾਈ ਲੱਗ ਚੁੱਕਾ ਹੈ ਅਤੇ 8000 ਸਕੂਲਾਂ ਵਿੱਚ ਚਾਰ ਦਿਵਾਰੀ ਦਾ ਕੰਮ ਚੱਲ ਰਿਹਾ ਹੈ ।

ਸਪੀਕਰ ਵੱਲੋਂ 2 ਵਿਧਾਇਕਾਂ ਨੂੰ ਇਨਾਮ ਮਿਲਿਆ

ਸਰਦਰੁੱਤ ਇਜਲਾਸ ਦੇ ਦੂਜੇ ਦਿਨ 2 ਵਿਧਾਇਕਾਂ ਨੂੰ ਇਨਾਮ ਮਿਲਿਆ । ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਨਮ ਦਿਨ ਦੇ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ 3 ਮਿੰਟ ਵਾਧੂ ਬੋਲਣ ਦਾ ਸਮਾਂ ਦਿੱਤਾ ।
ਉਧਰ ਜ਼ੀਰੋ ਓਵਰ ਵਿੱਚ ਸਪੀਕਰ ਨੇ ਇੱਕ ਸਵਾਲ ਪੁੱਛਿਆ ਅਤੇ ਜੇਤੂ ਨੂੰ ਤਿੰਨ ਮਿੰਟ ਵਾਧੂ ਬੋਲਣ ਦਾ ਸਮਾਂ ਦੇਣ ਦਾ ਐਲਾਨ ਕੀਤਾ । ਸਪੀਕਰ ਨੇ ਪੁੱਛਿਆ ਕਿ ਸਰਕਾਰ ਨਰਿੰਦਰ ਸਿੰਘ ਕਪਾਨੀ ਕੌਣ ਸਨ । ਜਿਸ ਦਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜਵਾਬ ਦਿੰਦੇ ਹੋਏ ਕਿਹਾ ਉਨ੍ਹਾਂ ਦੇ ਮੋਗਾ ਹਲਕੇ ਤੋਂ ਸਨ ਜਿੰਨਾਂ ਨੇ ਫਾਈਬਰ ਆਪਟੀਕਲ ‘ਤੇ ਕੰਮ ਕੀਤਾ ਜਿਸ ਦੇ ਬਾਅਦ ਉਨ੍ਹਾਂ ਨੂੰ ਹਾਊਸ ਦੇ ਵੱਲੋਂ ਤਿੰਨ ਮਿੰਟ ਵਾਧੂ ਦਿੱਤੇ ਗਏ ।

ਅਖੀਰਲੇ ਦਿਨ 4 ਬਿੱਲ ਪੇਸ਼ ਹੋਏ

ਸਰਦਰੁੱਤ ਇਜਲਾਸ ਦੇ ਅਖੀਰਲੇ ਦਿਨ 4 ਬਿੱਲ ਪੇਸ਼ ਹੋਏ ਜਿੰਨਾਂ ਵਿੱਚ 3 ਮਨੀ ਬਿੱਲ ਸਨ । ਇਸ ਵਿੱਚ ਟਰਾਂਫਰ ਆਫ ਪ੍ਰਾਪਰਟੀ ਸੋਧ ਬਿੱਲ 2023, ਰਿਜਸਟ੍ਰੇਸ਼ਨ ਸੋਧ ਬਿੱਲ 2023, ਇੰਡੀਅਨ ਸਟੰਪ ਬਿੱਲ 2023 ਅਤੇ ਪੰਜਾਬ ਕਨਾਲ ਐਂਡ ਡ੍ਰੇਨੇਜ ਬਿੱਲ 2023 ਨੂੰ ਪਾਸ ਕੀਤਾ ਗਿਆ ।