Punjab

ਲੁਧਿਆਣਾ ਅਦਾਲਤ ਦਾ ਵੱਡਾ ਫੈਸਲਾ ! ਬੱਚਿਆਂ ਦੀ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ’ਚ ਇੱਕ ਸ਼ਖਸ ਨੂੰ 3 ਸਾਲ ਦੀ ਕੈਦ !

ਬਿਉਰੋ ਰਿਪੋਰਟ : ਬੱਚੇ ਦੀ ਅਸ਼ਲੀਲ ਵੀਡੀਓ ਫੇਸਬੁੱਕ ‘ਤੇ ਪਾਉਣ ਦੇ ਮਾਮਲੇ ਵਿੱਚ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ । ਅਦਾਲਤ ਨੇ ਫੇਸਬੁੱਕ ਮੈਸੇਂਜਰ ਰਾਹੀਂ ਬੱਚਿਆਂ ਦੀ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਅਨੁਜ ਕੁਮਾਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (NCMEC) ਤੋਂ ਸ਼ਿਕਾਇਤ ਮਿਲਣ ਦੇ ਬਾਅਦ ਪੰਜਾਬ ਰਾਜ ਸਾਈਬਰ ਕ੍ਰਾਈਮ ਸੈੱਲ ਦੀ ਇਕਾਈ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਿਸ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਵਿਅਕਤੀ ਨੇ 27-11-2020 ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬੱਚੇ ਦੀ ਅਸ਼ਲੀਲ ਵੀਡੀਓ ਕਲਿੱਪ ਪ੍ਰਸਾਰਿਤ ਕੀਤੀ ਸੀ।

ਇਸ ਸਬੰਧ ਵਿੱਚ ਕੀਤੀ ਜਾਂਚ ਦੌਰਾਨ,ਵੱਖ-ਵੱਖ ਇੰਟਰਨੈਟ ਸੇਵਾ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਆਈ.ਪੀ.ਐਡਰੈੱਸ ਸਮੇਤ ਤਕਨੀਕੀ ਵੇਰਵੇ ਮੰਗੇ ਗਏ ਸਨ। ਦੋਸ਼ੀ ਦੀ ਪਛਾਣ ਤੋਂ ਬਾਅਦ 13 ਜਨਵਰੀ, 2022 ਨੂੰ ਮੁਲਜ਼ਮ ਗ੍ਰਿਫਤਾਰ ਹੋਇਆ ਸੀ । ਮੁਲਜ਼ਮ ਦੇ ਕਬਜ਼ੇ ਵਿਚੋਂ ਅਪਰਾਧ ਕਰਨ ਲਈ ਵਰਤਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ।

ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਇਲੈਕਟਰਾਨਿਕ ਰੂਪ ਵਿੱਚ ਬੱਚਿਆਂ ਨਾਲ ਜੁੜੀ ਕਿਹੜੀਆਂ ਚੀਜਾ ਨੂੰ ਅਪਲੋਡ ਕਰਨਾ ਅਪਰਾਧ ਹੈ । ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਅਸ਼ਲੀਲ ਹਰਕਤਾਂ ਕਰਦੇ ਵਿਖਾਉਣਾ, ਅਜਿਹੀ ਕਿਸੇ ਵੀ ਸਮੱਗਰੀ ਨੂੰ ਇਕੱਤਰ ਕਰਨਾ,ਬ੍ਰਾਊਜ਼ ਕਰਨਾ,ਡਾਊਨਲੋਡ ਕਰਨਾ ਇਲੈਕਟਰਾਨਿਕ ਰੂਪ ਵਿੱਚ ਬੱਚਿਆਂ ਦੇ ਨਿੱਜਤਾ ਅਤੇ ਜਿਨਸੀ ਸ਼ੋਸ਼ਣ ਵਿੱਚ ਮੰਨਿਆ ਜਾਵੇਗਾ । ਇਸ ਦੇ ਤਹਿਤ ਪੰਜ ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਜੋ 10 ਲੱਖ ਰੁਪਏ ਤੱਕ ਹੋ ਸਕਦਾ ਹੈ।

ਡੀਆਈਜੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਸਲਾਹ ਦਿੱਤੀ ਹੈ ।