ਬਠਿੰਡਾ : ਪਰਾਲੀ ਸਾੜਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸਖ਼ਤੀ ਵਿਚਕਾਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕੋਠਾ ਗੁਰੂ ਕਾ ਦੇ ਨੌਜਵਾਨ ਕਿਸਾਨ ਗੁਰਦੀਪ ਸਿੰਘ ਨੇ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਦੇ ਡਰੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮਰਹੂਮ ਸੁਖਦੇਵ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਕੋਲ 6 ਕਨਾਲ ਜ਼ਮੀਨ ਸੀ ਆਪਣੇ ਪਿੱਛੇ ਮਾਂ ਪਤਨੀ ਤੇ ਧੀ ਛੱਡ ਗਿਆ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਬਾਜਵਾ ਨੇ ਦੱਸਿਆ ਕਿ ਕਲ ਦੁਪਹਿਰੇ ਕਰੀਬ ਤਿੰਨ ਵਜੇ ਪਿੰਡ ਕੋਠਾ ਗੁਰੂ ਕਾ ਦੇ ਗੁਰਦੀਪ ਸਿੰਘ ਦੇ ਖੇਤ ਵਿੱਚ ADC ਬਠਿੰਡਾ ਤੇ ਪੁਲਿਸ ਵੱਲੋਂ ਪਰਾਲੀ ਨੂੰ ਅੱਗ ਲਾਉਣ ਸਮੇਂ ਰੇਡ ਕੀਤੀ ਗਈ। ਮੌਕੇ ਉੱਤੇ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਰਿਹਾ ਸੀ ਅਤੇ ਪ੍ਰਸ਼ਾਸ਼ਨ ਨੇ ਫਾਇਰ ਬ੍ਰਿਗੇਡ ਨਾਲ ਅੱਗ ਬੁਝਾਈ ਗਈ। ਪੁਲਿਸ ਅਤੇ ਪ੍ਰਸ਼ਾਸਨ ਤਕਰੀਬਨ 30 ਮਿੰਟ ਕਿਸਾਨ ਦੇ ਖੇਤ ਰਿਹਾ । ਪਰਚੇ ਦੀ ਕਾਰਵਾਈ ਦੇ ਡਰੋਂ 35 ਸਾਲਾ ਨੌਜਵਾਨ ਕਿਸਾਨ ਗੁਰਦੀਪ ਨੇ ਘਰ ਆ ਕੇ ਰਾਤੀ ਕਰੀਬ ਕਰੀਬ ਨੌਂ ਵਜੇ ਫਾਹਾ ਲੈ ਕੇ ਆਪਮੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਕੋਲ 6 ਕਨਾਲ ਜ਼ਮੀਨ ਸੀ ਆਪਣੇ ਪਿੱਛੇ ਮਾਂ ਪਤਨੀ ਤੇ ਧੀ ਛੱਡ ਗਿਆ। ਹੁਣ ਪਰਿਵਾਰ ਦਾ ਕੋਈ ਸਹਾਰਾ ਵੀ ਨਹੀਂ ਰਿਹਾ । ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕਤਲ ਹੈ। ਪਰਾਲੀ ਦਾ ਸਰਕਾਰ ਵੱਲੋਂ ਕੋਈ ਵੀ ਪੱਕਾ ਹੱਲ ਕਰਨ ਦੀ ਵਜਾਏ ਪਰਚੇ ਦੀਆਂ ਧਮਕੀਆਂ ਦੇਣੀਆਂ ਦੇ ਨਤੀਜੇ ਵੱਜੋ ਹੀ ਇਹ ਗ਼ਰੀਬ ਕਿਸਾਨ ਮਾਨਸਿਕ ਦਬਾਅ ਝੱਲ ਨਾ ਸਕਿਆ ਅਤੇ ਖ਼ੁਦਕੁਸ਼ੀ ਕਰ ਲਈ ਹੈ।
ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਜਥੇਬੰਦੀ ਸਰਕਾਰ ਵੱਲੋਂ ਪੀੜਤ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਅਤੇ ਦਸ ਲੱਖ ਦਾ ਮੁਆਵਜ਼ੇ ਦੀ ਮੰਗ ਕਰਦੀ ਹੈ। ਇਸ ਸਬੰਧ ਫਿਲਹਾਲ ਪੀੜਤ ਪਰਿਵਾਰ ਨੂੰ ਪ੍ਰਸ਼ਾਸ਼ਨ ਨੇ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਪਰਿਵਾਰ ਪੋਸਟਮਾਰਟ ਕਰਵਾਉਣ ਲਈ ਸਹਿਮਤ ਹੋ ਗਿਆ ਹੈ।