India Punjab

ਪਾਣੀਪਤ ਦੇ ਇੱਕ ਸਿੱਖ ਨਾਲ ਹੋਈ ਮਾੜੀ ਕਰਤੂਤ ! ਉਸ ਤੋਂ ਦੇਸ਼ ਭਗਤੀ ਦਾ ਸਬੂਤ ਮੰਗਣ ਲਈ ਕਰਵਾਈ ਗਈ ਕੋਝੀ ਹਰਕਤ !

ਬਿਉਰੋ ਰਿਪੋਰਟ : ਦੇਸ਼ ਵਿੱਚ ਨਫ਼ਰਤੀ ਸੋਚ ਰੱਖਣ ਵਾਲੇ ਲੋਕਾਂ ਨੇ ਇੱਕ ਸਿੱਖ ਨੌਜਵਾਨ ਨਾਲ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਖੂਨ ਖੋਲ ਜਾਏ। ਪਾਣੀਪਤ ਦੇ ਰਹਿਣ ਵਾਲੇ ਨੌਜਵਾਨ ਗੁਰਦੀਪ ਸਿੰਘ ਕੋਲੋ ਦੇਸ਼ ਭਗਤੀ ਦਾ ਸਬੂਤ ਮੰਗਣ ਲਈ ਕੋਝੀ ਹਰਕਤ ਕੀਤੀ ਗਈ ਹੈ ।

10 ਨਵੰਬਰ ਨੂੰ ਪਾਣੀਪਤ ਦੇ ਹਿਸਾਰ ਬਾਜ਼ਾਰ ਦੀ ਕਲੋਨੀ ਵਿੱਚ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਪੈਟਰੋਲ ਪੰਪ ‘ਤੇ ਸਕੂਟਰ ਵਿੱਚ ਤੇਲ ਭਰਵਾਉਣ ਗਿਆ ਸੀ । ਨਜ਼ਦੀਕ ਹੀ ਸ਼ਰਾਬ ਦਾ ਠੇਕਾ ਸੀ । ਉਹ ਜਦੋਂ ਪੈਟਰੋਲ ਭਰਾ ਕੇ ਜਾਣ ਲੱਗਿਆ ਤਾਂ 3 ਨੌਜਵਾਨ ਨੇ ਉਸ ਨੂੰ ਬੁਲਾਇਆ ਅਤੇ ਫਿਰ ਘੇਰਾ ਪਾਇਆ ਅਤੇ ਧਮਕੀ ਦਿੱਤੀ ਕਿ ਉਹ ‘ਹਿੰਦੂਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਅਤੇ ‘ਖਾਲਿਸਤਾਨ ਦਾ ਵਿਰੋਧ’ ਕਰੇ। ਸਿਰਫ਼ ਇੰਨਾਂ ਹੀ ਨਹੀਂ ਗੁਰਦੀਪ ਨੇ ਕਿਹਾ ਕਿ ਜਦੋਂ ਉਸ ਨੇ ‘ਹਿੰਦੂਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾ ਦਿੱਤਾਂ ਤਾਂ ਉਸ ਨੂੰ ‘ਖਾਲਿਸਤਾਨ ਮੁਰਦਾਬਾਦ’ ਬੋਲਣ ਲਈ ਕਿਹਾ ਗਿਆ ।

ਗੁਰਦੀਪ ਸਿੰਘ ਮੁਤਾਬਿਕ ਜਦੋਂ ਉਹ ਉੱਥੋ ਜਾਣ ਲੱਗਿਆ ਤਾਂ ਉਸ ਨੂੰ ਕਿਹਾ ਕਿ ਸਰਕਾਰ ਤੇਰੇ 12 ਵੱਜ ਗਏ ਅਤੇ ਫਿਰ ਉਹ ਗੁਰਦੀਪ ਦੇ ਨਾਲ ਲੜਨ ਲੱਗੇ । ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਜਦੋਂ ਮੈਂ ਭੱਜਣ ਲਈ ਨੇੜਲੇ ਠੇਕੇ ਦੇ ਅੰਦਰ ਗਿਆ ਤਾਂ ਉਹ ਵਿਅਕਤੀ 2 ਤੋਂ 3 ਸਾਥੀਆਂ ਦੇ ਨਾਲ ਠੇਕੇ ਦੇ ਅੰਦਰ ਦਾਖਲ ਹੋ ਗਿਆ ਅਤੇ ਮੇਰਾ ਮੋਬਾਈਲ ਅਤੇ ਸਕੂਟਰ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕਰਨ ਲੱਗਾ। ਗੁਰਦੀਪ ਨੇ ਦੱਸਿਆ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਪੱਗ ਉਤਾਰ ਦਿੱਤੀ ਅਤੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ । ਸਿਰਫ਼ ਇੰਨਾਂ ਹੀ ਨਹੀਂ ਨੌਜਵਾਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੇਰੇ ਸਿਰ ਦੇ ਵਾਲ ਫੜੇ ਅਤੇ ਮੈਨੂੰ ਲੱਤਾਂ ਨਾਲ ਮਾਰਿਆ । ਮੈਂ ਕਿਸੇ ਤਰ੍ਹਾਂ ਉੱਥੋਂ ਭਜਿਆ ਅਤੇ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਮੇਰੇ ‘ਤੇ ਹਮਲਾ ਹੋਇਆ ਹੈ ।

ਨੌਜਵਾਨ ਮੁਤਾਬਿਕ ਮੇਰੇ ਜਾਣ ਦੇ ਬਾਅਦ ਠੇਕੇ ਦੇ ਮੁਲਾਜ਼ਮਾਂ ਨੇ ਪੁਲਿਸ ਹੈਲਪਲਾਈਨ ਨੰਬਰ ‘ਤੇ ਫੋਨ ਕੀਤਾ ਮੈਂ ਆਪਣੀ ਸ਼ਿਕਾਇਤ ਲਿਖਤ ਵਿੱਚ ਦਿੱਤੀ ਹੈ ਜਿਸ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਗੁਰਦੀਪ ਨੇ ਦੱਸਿਆ ਬਾਅਦ ਵਿੱਚੋਂ ਦੋਵਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ । ਇਸੇ ਸਾਲ 12ਵੀਂ ਪਾਸ ਕਰਕੇ IELTS ਦੀ ਤਿਆਰੀ ਕਰ ਰਹੇ 20 ਸਾਲ ਦੇ ਨੌਜਵਾਨ ਨੇ ਕਿਹਾ ਮੈਂ ਸੁਪਣੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੋਈ ਮੇਰੇ ਦੇਸ਼ ਵਿੱਚ ਧਰਮ ਦੇ ਨਾਂ ‘ਤੇ ਮੈਨੂੰ ਕੁੱਟਿਆਂ ਜਾਵੇਗਾ,ਮੇਰੀ ਪੱਗ ਅਤੇ ਇੱਜ਼ਤ ਲਾਹ ਦਿੱਤੀ ਦੇਵੇਗਾ ਅਤੇ ਮੈਨੂੰ ਖਾਲਿਸਤਾਨੀ ਕਹਿਕੇ ਬੇਇੱਜ਼ਤ ਕਰੇਗਾ ।

ਸਿੱਖ ਭਾਈਚਾਰੇ ਵੱਲੋਂ ਰੋਸ

ਗੁਰਦੀਪ ਦੇ ਪਿਤਾ ਵੈਲਡਿੰਗ ਦਾ ਕੰਮ ਕਰਦੇ ਹਨ । ਇਕਾਲੇ ਦੇ ਸਿੱਖ, ਨੌਜਵਾਨ ਨਾਲ ਜਿਹੜੀ ਹਰਕਤ ਹੋਈ ਹੈ ਉਸ ਨੂੰ ਲੈਕੇ ਕਾਫੀ ਗੁੱਸੇ ਵਿੱਚ ਹਨ । ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦਾ ਇਕੱਠ ਰੱਖਿਆ ਗਿਆ । HSGPC ਦੇ ਜੁਆਇੰਟ ਸਕੱਤਰ ਮੋਹਨਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਪਾਣੀਪਤ ਵਿੱਚ 25 ਹਜ਼ਾਰ ਸਿੱਖ ਰਹਿੰਦੇ ਹਨ । ਅਜਿਹੀ ਘਟਨਾ ਸਾਹਮਣੇ ਨਹੀਂ ਆਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਜਿਵੇਂ ਵਿਦੇਸ਼ਾਂ ਵਿੱਚ ਪੱਗ ਦਾ ਅਪਮਾਨ ਕਰਨ ਦੇ ਖਿਲਾਫ਼ ਪੁਲਿਸ ਸਖਤ ਐਕਸ਼ਨ ਲੈਂਦੀ ਹੈ ਉਸੇ ਤਰ੍ਹਾਂ ਇੱਥੇ ਵੀ ਹੋਏ।

ਗੁਰਦੀਪ ਸਿੰਘ ਨਾਲ ਜੋ ਕੁਝ ਹੋਇਆ ਉਹ ਹਰ ਰੋਜ਼ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ‘ਤੇ ਪਰੋਸੇ ਜਾਣ ਵਾਲੀ ਨਫ਼ਰਤੀ ਸਮੱਗਰੀ ਦਾ ਨਤੀਜਾ ਹੈ । ਜੋ ਨੌਜਵਾਨਾਂ ਦੇ ਦਿਮਾਗ ਵਿੱਚ ਜ਼ਹਿਰ ਘੋਲ ਰਹੀ ਹੈ । ਇਸ ਮਾਮਲੇ ਦਾ SGPC ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ । ਸਿੱਖਾਂ ਤੋਂ ਦੇਸ਼ ਦੇ ਪ੍ਰਤੀ ਵਫਾਦਾਰੀ ਦੇ ਸਬੂਤ ਮੰਗਣ ਦੀ ਇਸ ਘਟਨਾ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕੋਈ ਹੋਰ ਅਜਿਹਾ ਹਰਕਤ ਨਾ ਕਰ ਸਕੇ।