Punjab

ਅੰਮ੍ਰਿਤਸਰ ‘ਚ ਦੀਵਾਲੀ ਵਾਲੀ ਰਾਤ ਨੌਜਵਾਨ ਦਾ ਜੂਏ ਦੇ ਪੈਸੇ ਨੂੰ ਲੈ ਕੇ ਝਗੜਾ, 40 ਦੇ ਕਰੀਬ ਚੱਲੀਆਂ ਗੋਲੀਆਂ

On the night of Diwali in Amritsar, a youth quarreled over gambling money, about 40 shots were fired.

ਅੰਮ੍ਰਿਤਸਰ : ਦੀਵਾਲੀ ਦੀ ਰਾਤ ਅੰਮ੍ਰਿਤਸਰ ‘ਚ ਦੋ ਗੁੱਟਾਂ ਵਿਚਾਲੇ ਭਾਰੀ ਗੋਲ਼ੀਬਾਰੀ ਹੋਈ। ਇਹ ਲੜਾਈ ਇੱਕ ਘਰ ਵਿੱਚ ਚੱਲ ਰਹੇ ਨਜਾਇਜ਼ ਜੂਏ ਨੂੰ ਲੈ ਕੇ ਸ਼ੁਰੂ ਹੋਈ। ਗੋਲ਼ੀਬਾਰੀ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇਕ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਈ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਦੀ ਪਛਾਣ ਅਰੁਣ ਵਾਸੀ ਪੰਡੋਰੀ ਵੜੈਚ ਵਜੋਂ ਹੋਈ ਹੈ।

ਇਹ ਘਟਨਾ ਅੰਮ੍ਰਿਤਸਰ ਦੇ ਕਟੜਾ ਡੋਲੋ ਇਲਾਕੇ ਦੀ ਹੈ। ਰਾਤ 1.30 ਵਜੇ ਦੇ ਕਰੀਬ ਦੋ ਗੁੱਟਾਂ ਵੱਲੋਂ 40 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਦਰਅਸਲ ਇਕ ਘਰ ‘ਚ ਨਾਜਾਇਜ਼ ਜੂਆ ਚੱਲ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤੀ ਉਥੇ ਪਹੁੰਚ ਗਏ ਅਤੇ ਜੂਆ ਖੇਡ ਕੇ ਲੁੱਟਣ ਦੀ ਕੋਸ਼ਿਸ਼ ਕੀਤੀ।

ਜੂਆ ਖੇਡ ਰਹੇ ਨੌਜਵਾਨਾਂ ਅਤੇ ਲੁਟੇਰਿਆਂ ਵਿਚਾਲੇ ਝੜਪ ਹੋ ਗਈ ਅਤੇ ਦੋਵਾਂ ਧੜਿਆਂ ਨੇ ਪਿਸਤੌਲਾਂ ਨਾਲ ਫਾਇਰਿੰਗ ਕਰ ਦਿੱਤੀ। ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਗੁੱਟਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੋਲੀ ਅਰੁਣ ਦੀ ਛਾਤੀ ਵਿੱਚ ਲੱਗੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸੋਮਵਾਰ ਸਵੇਰੇ ਏਡੀਸੀਪੀ 3 ਅਭਿਮਨਿਊ ਰਾਣਾ, ਐੱਸ ਪੀ ਸੁਰਿੰਦਰ ਸਿੰਘ ਅਤੇ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਸਰਮੇਲ ਸਿੰਘ ਮੌਕੇ ’ਤੇ ਪੁੱਜੇ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਈ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਜਾਰੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ।