India International

ਦੁਨੀਆ ਦੇ 99% ਲੋਕ ਖਾ ਰਹੇ ਹਨ ਬਹੁਤ ਜ਼ਿਆਦਾ ਲੂਣ! WHO ਦੀ ਰਿਪੋਰਟ ‘ਚ ਖ਼ੁਲਾਸਾ…

99% of the world is eating too much salt! Conclusion in the WHO report, increasing risk of these 5 diseases, eat only this much daily

ਲੂਣ ਤੋਂ ਬਿਨਾਂ ਸਾਡੇ ਭੋਜਨ ਦਾ ਸਵਾਦ ਅਧੂਰਾ ਰਹਿੰਦਾ ਹੈ ਪਰ ਹਰ ਕਿਸੇ ਨੂੰ ਲੂਣ ਦਾ ਸੇਵਨ ਲਿਮਿਟ ਵਿੱਚ ਕਰਨਾ ਚਾਹੀਦਾ ਹੈ। ਨਮਕ ਦਾ ਜ਼ਿਆਦਾ ਸੇਵਨ ਘਾਤਕ ਹੋ ਸਕਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਦੁਨੀਆ ਦੀ ਜ਼ਿਆਦਾਤਰ ਆਬਾਦੀ ਲੋੜ ਨਾਲੋਂ ਦੁੱਗਣਾ ਲੂਣ ਖਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ ਰਿਪੋਰਟ ਵਿੱਚ ਇਹ ਖ਼ੁਲਾਸਾ ਹੋਇਆ ਹੈ।

ਇਸ ਰਿਪੋਰਟ ‘ਚ ਬਹੁਤ ਹੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਹਨ। ਜੇਕਰ ਤੁਸੀਂ ਵੀ ਆਪਣੇ ਭੋਜਨ ‘ਚ ਬਹੁਤ ਜ਼ਿਆਦਾ ਨਮਕ ਪਾ ਲੈਂਦੇ ਹੋ ਤਾਂ ਇਸ ਖ਼ਤਰਨਾਕ ਆਦਤ ਨੂੰ ਤੁਰੰਤ ਬਦਲਣ ਦੀ ਲੋੜ ਹੈ।

WHO ਦੀ ਰਿਪੋਰਟ ਦੇ ਅਨੁਸਾਰ, ਪੂਰੀ ਦੁਨੀਆ ਵਿੱਚ ਬਾਲਗ ਰੋਜ਼ਾਨਾ 10.78 ਗ੍ਰਾਮ ਨਮਕ ਦਾ ਸੇਵਨ ਕਰ ਰਹੇ ਹਨ, ਜੋ ਕਿ ਦੋ ਚਮਚ ਦੇ ਬਰਾਬਰ ਹੈ। ਇਸ ਵਿੱਚ 4310 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ, ਜੋ ਰੋਜ਼ਾਨਾ ਦੀ ਲੋੜ ਤੋਂ ਲਗਭਗ ਦੁੱਗਣਾ ਹੈ। ਅਜਿਹਾ ਕਰਨਾ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਕਈ ਘਾਤਕ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

WHO ਦੇ ਅਨੁਸਾਰ, ਸਾਰੇ ਬਾਲਗਾਂ ਨੂੰ ਇੱਕ ਦਿਨ ਵਿੱਚ 2000 ਮਿਲੀਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ। ਇੰਨਾ ਜ਼ਿਆਦਾ ਸੋਡੀਅਮ ਲਗਭਗ ਇੱਕ ਚਮਚਾ (5 ਗ੍ਰਾਮ) ਲੂਣ ਵਿੱਚ ਮੌਜੂਦ ਹੁੰਦਾ ਹੈ। ਸਰਲ ਭਾਸ਼ਾ ਵਿੱਚ, ਹਰ ਕਿਸੇ ਨੂੰ ਰੋਜ਼ਾਨਾ 5 ਗ੍ਰਾਮ ਤੋਂ ਘੱਟ ਨਮਕ ਭਾਵ ਲਗਭਗ 1 ਚਮਚ ਖਾਣਾ ਚਾਹੀਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਸਾਲ ਲਗਭਗ 18.9 ਲੱਖ ਲੋਕ ਜ਼ਿਆਦਾ ਨਮਕ ਦੇ ਸੇਵਨ ਕਾਰਨ ਮਰਦੇ ਹਨ। ਇੰਨਾ ਹੀ ਨਹੀਂ, ਜ਼ਿਆਦਾ ਸੋਡੀਅਮ ਕਾਰਨ ਕਰੋੜਾਂ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਤੌਰ ‘ਤੇ ਲੋਕ ਸੋਚਦੇ ਹਨ ਕਿ ਨਮਕ ਖਾਣ ਨਾਲ ਕੋਈ ਖ਼ਾਸ ਨੁਕਸਾਨ ਨਹੀਂ ਹੁੰਦਾ ਪਰ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਗ਼ਲਤਫ਼ਹਿਮੀ ਹੋ ਸਕਦੀ ਹੈ। ਸਰੀਰ ‘ਚ ਸੋਡੀਅਮ ਦੀ ਜ਼ਿਆਦਾ ਮਾਤਰਾ ਹਾਨੀਕਾਰਕ ਹੁੰਦੀ ਹੈ ਅਤੇ ਜ਼ਿਆਦਾ ਨਮਕ ਖਾਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।

WHO ਦੇ ਅਨੁਸਾਰ, ਬਹੁਤ ਜ਼ਿਆਦਾ ਨਮਕ ਦਾ ਸੇਵਨ ਤੁਹਾਨੂੰ ਗੰਭੀਰ ਬਿਮਾਰੀਆਂ ਦੇ ਮਰੀਜ਼ ਬਣਾ ਸਕਦਾ ਹੈ। ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ, ਕਾਰਡੀਓਵੈਸਕੁਲਰ ਰੋਗ, ਪੇਟ ਦਾ ਕੈਂਸਰ, ਮੋਟਾਪਾ, ਗੁਰਦੇ ਦੇ ਰੋਗ, ਓਸਟੀਓਪੋਰੋਸਿਸ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਇਨ੍ਹਾਂ ਬਿਮਾਰੀਆਂ ਦੇ ਮਰੀਜ਼ ਹੋ ਤਾਂ ਸੀਮਾ ਦੇ ਅੰਦਰ ਨਮਕ ਦਾ ਸੇਵਨ ਕਰੋ ਅਤੇ ਡਾਕਟਰ ਦੀ ਸਲਾਹ ‘ਤੇ ਚੱਲੋ। ਖਾਣ-ਪੀਣ ਵਿੱਚ ਨਮਕ ਦੇ ਸਬੰਧ ਵਿੱਚ ਗ਼ਲਤੀ ਜਾਨਲੇਵਾ ਵੀ ਹੋ ਸਕਦੀ ਹੈ।