ਰੋਪੜ : ਦੇਰ ਰਾਤ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਗੋਹਣੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੀਬ 9 ਵਿਅਕਤੀਆਂ ਨੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਹਮਲਾਵਰਾਂ ਨੇ ਹਸਪਤਾਲ ‘ਚ ਇਲਾਜ ਅਧੀਨ ਮ੍ਰਿਤਕ ਦੀ ਪਤਨੀ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੀ ਜੀ ਆਈ ਚੰਡੀਗੜ੍ਹ ਵਿੱਚ ਮ੍ਰਿਤਕ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਦੇ ਸਿਰ, ਪੇਟ, ਲੱਤਾਂ, ਹੱਥਾਂ ਸਮੇਤ ਸਰੀਰ ਦੇ ਕਈ ਹਿੱਸਿਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਮਨਜਿੰਦਰ ਸਿੰਘ ਦੀ ਪਤਨੀ ਰਜਨੀ ਬਾਲਾ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਗੋਹਣੀ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਉਸ ਦਾ ਪਤੀ ਮਨਜਿੰਦਰ ਸਿੰਘ ਉਸ ਦੀ ਨਿਗਰਾਨੀ ਲਈ ਕੋਲ ਬੈਠਾ ਸੀ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਆਏ ਲੋਕਾਂ ਨੇ ਉਨ੍ਹਾਂ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਮਨਜਿੰਦਰ ਦੇ ਮੋਢੇ ਕੋਲ ਗੋਲੀ ਵੀ ਮਾਰੀ। ਖ਼ੂਨ ਨਾਲ ਲੱਥਪੱਥ ਜੋੜੇ ਨੂੰ ਤੁਰੰਤ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ। ਉੱਥੋਂ ਦੋਵਾਂ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਪੀ ਜੀ ਆਈ ਵਿੱਚ ਇਲਾਜ ਦੌਰਾਨ ਮਨਜਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣ ਸਮੇਂ ਹਮਲਾਵਰ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਹਸਪਤਾਲ ‘ਚ ਹਰ ਪਾਸੇ ਖ਼ੂਨ ਹੀ ਖ਼ੂਨ ਹੀ ਸੀ। ਇਸ ਸਬੰਧੀ ਜਦੋਂ ਹਸਪਤਾਲ ਦੇ ਮਾਲਕ ਡਾਕਟਰ ਰਾਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪ੍ਰੈੱਸ ਕਾਨਫ਼ਰੰਸ ਵਿੱਚ ਡੀਐਸਪੀ ਸਤੀਸ਼ ਸ਼ਰਮਾ ਨੇ ਦੱਸਿਆ ਕਿ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੈ। ਮ੍ਰਿਤਕ ਅਤੇ ਹਮਲਾਵਰ ਇੱਕੋ ਪਿੰਡ ਪਲਾਸੀ ਦੇ ਵਸਨੀਕ ਹਨ। ਮੰਗਲਵਾਰ ਰਾਤ ਹੋਏ ਹਮਲੇ ‘ਚ ਮਾਰੇ ਗਏ ਮਨਜਿੰਦਰ ਸਿੰਘ ਨੇ ਦੋਸ਼ੀ ਹਮਲਾਵਰ ਦੇ ਭਰਾ ਨੂੰ 2010 ‘ਚ ਮਾਰ ਦਿੱਤਾ ਸੀ। ਮਨਜਿੰਦਰ ਕੁਝ ਸਮਾਂ ਪਹਿਲਾਂ ਉਸ ਕੇਸ ਵਿੱਚ ਉਮਰ ਕੈਦ ਕੱਟ ਕੇ ਵਾਪਸ ਆਇਆ ਸੀ।
ਇਸੇ ਰੰਜਸ਼ ਦੇ ਚੱਲਦਿਆਂ ਮੰਗਲਵਾਰ ਰਾਤ ਕਰੀਬ 9 ਵਿਅਕਤੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੋਲੀ ਮਾਰ ਦਿੱਤੀ। ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਰੂਪਨਗਰ, ਥਾਣਾ ਇੰਚਾਰਜ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਨਵਾਂ ਨੰਗਲ ਪੁਲਿਸ ਚੌਕੀ ਇੰਚਾਰਜ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।