ਸੰਗਰੂਰ : ਲੌਂਗੋਵਾਲ ਵਿਚ ਕਿਸਾਨ ਮੌਤ ਕਾਂਡ ਵਿਚ ਸ਼ਾਮ ਨੂੰ ਕਿਸਾਨ ਸੰਗਠਨਾਂ ਤੇ ਪ੍ਰਸ਼ਾਸਨ ਵਿਚ ਸਹਿਮਤੀ ਬਣ ਗਈ ਹੈ। ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ-ਆਜ਼ਾਦ ਦੇ ਪ੍ਰਮੁੱਖ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਕਿਸਾਨ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲਾਠੀਚਾਰਜ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਿਸਾਨਾਂ ਨੂੰ 2 ਲੱਖ ਅਤੇ ਘੱੱਟ ਜ਼ਖ਼ਮੀ ਹੋਏ ਕਿਸਾਨਾਂ ਨੂੰ 1 ਲੱਖ ਰੁਪਏ ਮੁਆਵਜ਼ਾ, ਲਾਠੀਚਾਰਜ ਦੌਰਾਨ ਕਿਸਾਨਾਂ ਦੇ ਟੁੱਟੇ ਵਾਹਨਾਂ ਦੀ ਸਰਕਾਰ ਆਪਣੇ ਖ਼ਰਚੇ ’ਤੇ ਮੁਰੰਮਤ ਕਰਵਾਏਗੀ, ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਦਰਜ ਕੀਤੇ ਵਾਪਸ ਲਏ ਜਾਣਗੇ ਅਤੇ ਗ੍ਰਿਫ਼ਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇਗਾ।
ਪੰਜਾਬ ਭਰ ਵਿਚ ਗ੍ਰਿਫ਼ਤਾਰ ਕੀਤੇ ਗਏ ਕਰੀਬ 150-200 ਕਿਸਾਨ ਵੀ ਰਿਹਾਅ ਕੀਤੇ ਜਾਣਗੇ, ਸੰਘਰਸ਼ ਦੌਰਾਨ ਮੁਹਾਲੀ ਦੇ ਇੱਕ ਨੌਜਵਾਨ ਕਿਸਾਨ ਦੀ ਲੱਤ ਕੱਟਣ ਦੇ ਮਾਮਲੇ ’ਚ ਉਸ ਦਾ ਅੰਗਹੀਣ ਸਰਟੀਫਿਕੇਟ ਬਣਾ ਕੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਨਾਲ ਮੀਟਿੰਗ ਨਿਸ਼ਚਿਤ ਕਰਾਉਣ ਲਈ ਪੰਜਾਬ ਦੇ ਰਾਜਪਾਲ ਤੋਂ ਲਿਖਤੀ ਪੱਤਰ ਪੰਜਾਬ ਸਰਕਾਰ ਲੈ ਕੇ ਦੇਵੇਗੀ।
ਕਿਸਾਨਾਂ ਦੇ ਵਾਹਨਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਰੇਗੀ। ਗੰਭੀਰ ਤੌਰ ‘ਤੇ ਜ਼ਖ਼ਮੀਆਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ 16 ਕਿਸਾਨ ਸੰਗਠਨ ਹੋਰ ਮੰਗਾਂ ਨੂੰ ਲੈ ਕੇ ਆਪਣਾ ਧਰਨਾ ਜਾਰੀ ਰੱਖਣਗੇ। ਹੜ੍ਹ ਪੀੜਤਾਂ ਨੂੰ ਰਾਹਤ ਦੇਣ ਸਣੇ ਫ਼ਸਲਾਂ ਦੇ ਸਹੀ ਰੇਟ ਦੇਣ ਦੀ ਮੰਗ ਅਜੇ ਬਾਕੀ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਸੀ ।ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਸੰਗਰੂਰ ਦੇ ਲੌਂਗੋਵਾਲ ‘ਚ ਵੀ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ ਸੀ। ਇਸ ਦੌਰਾਨ ਇੱਕ ਬਜ਼ੁਰਗ ਕਿਸਾਨ ਇਸ ਝੜਪ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇੱਕ ਪੈਰ ਬਿਲਕੁਲ ਵੱਖ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਬਜ਼ੁਰਗ ਕਿਸਾਨ ਦੀ ਪਛਾਣ ਪ੍ਰੀਤਮ ਸਿੰਘ ਵੱਲੋਂ ਹੋਈ ਹੋਈ ਸੀ ਜਿਸ ਤੋਂ ਬਾਅਦ ਗ਼ੁੱਸੇ ਵਿੱਚ ਆਏ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਲੌਂਗੋਵਾਲ ਥਾਣੇ ਅੱਗੇ ਧਰਨਾ ਦਿੱਤਾ ਸੀ।