India International Punjab

ਨੇਪਾਲ ਵਿੱਚ ਫਸੇ ਪੰਜਾਬ ਦੇ 92 ਯਾਤਰੀ, ਅੱਜ ਹੋ ਸਕਦੀ ਹੈ ਸੁਰੱਖਿਅਤ ਵਾਪਸੀ

ਬਿਊਰੋ ਰਿਪੋਰਟ (ਚੰਡੀਗੜ੍ਹ, 11 ਸਤੰਬਰ 2025): ਅੰਮ੍ਰਿਤਸਰ ਤੋਂ ਨਿਕਲਿਆ 92 ਯਾਤਰੀਆਂ ਦਾ ਜਥਾ ਨੇਪਾਲ ਵਿੱਚ ਵਿਗੜ ਰਹੇ ਹਾਲਾਤਾਂ ਕਾਰਨ ਫਸ ਗਿਆ ਹੈ। ਕਰਫ਼ਿਊ, ਅੱਗਜ਼ਨੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਜਥਾ ਰਾਤ ਦੇ ਸਮੇਂ ਨੇਪਾਲ ਬਾਰਡਰ ਤੱਕ ਪਹੁੰਚਿਆ। ਉਮੀਦ ਹੈ ਕਿ ਅੱਜ ਇਹ ਜਥਾ ਬਾਰਡਰ ਪਾਰ ਕਰਕੇ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਆ ਜਾਵੇਗਾ।

ਇਹ ਜਥਾ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਨਿਕਲਿਆ ਸੀ ਅਤੇ 5 ਸਤੰਬਰ ਨੂੰ ਬਾਰਡਰ ਪਾਰ ਕਰਕੇ ਜਨਕਪੁਰ ਧਾਮ ਪਹੁੰਚਿਆ। ਉਥੋਂ 6 ਸਤੰਬਰ ਨੂੰ ਕਾਠਮੰਡੂ ਅਤੇ ਫਿਰ ਪੋਖਰਾ ਗਿਆ। ਸਫ਼ਰ ਸਧਾਰਨ ਚੱਲ ਰਿਹਾ ਸੀ, ਪਰ 8 ਸਤੰਬਰ ਤੋਂ ਨੇਪਾਲ ਦੇ ਹਾਲਾਤ ਅਚਾਨਕ ਬਿਗੜਣੇ ਸ਼ੁਰੂ ਹੋ ਗਏ, ਜਿਸ ਕਰਕੇ ਜਥਾ ਲਗਾਤਾਰ ਵਾਪਸੀ ਦਾ ਸੁਰੱਖਿਅਤ ਰਸਤਾ ਲੱਭਦਾ ਰਿਹਾ।

ਜਥੇ ਨੇ ਆਪਣੀ ਸੁਰੱਖਿਆ ਦੇ ਧਿਆਨ ਵਿੱਚ ਰੱਖਦੇ ਹੋਏ ਰਾਤ ਦੇ ਸਮੇਂ ਹੀ ਸਫ਼ਰ ਕਰਨ ਦਾ ਫ਼ੈਸਲਾ ਕੀਤਾ। ਰਿੰਕੂ ਬਟਵਾਲ ਵੱਲੋਂ ਸਾਂਝੇ ਕੀਤੇ ਵੀਡੀਓ ਵਿੱਚ ਦਿਖਾਇਆ ਗਿਆ ਕਿ 9 ਸਤੰਬਰ ਨੂੰ ਉਹ ਸਭ ਪੋਖਰਾ ਵਿੱਚ ਸਨ, ਜਿੱਥੇ ਕਰਫ਼ਿਊ ਦਾ ਮਾਹੌਲ ਸੀ ਅਤੇ ਸੜਕਾਂ ’ਤੇ ਨੌਜਵਾਨ ਪ੍ਰਦਰਸ਼ਨ ਕਰ ਰਹੇ ਸਨ। ਹੋਟਲ ਦੇ ਚਾਰਾਂ ਪਾਸਿਆਂ ਅੱਗ ਲੱਗੀਆਂ ਇਮਾਰਤਾਂ ਤੋਂ ਧੂੰਆ ਉੱਠਦਾ ਦਿਸ ਰਿਹਾ ਸੀ।

ਲਗਾਤਾਰ ਖ਼ਤਰੇ ਦੇ ਹਾਲਾਤ ਦੇ ਮੱਦੇਨਜ਼ਰ ਜਥਾ 9-10 ਸਤੰਬਰ ਦੀ ਰਾਤ ਨੂੰ ਨੇਪਾਲ-ਭਾਰਤ ਸੀਮਾ ਵੱਲ ਨਿਕਲਿਆ ਅਤੇ ਭੈਰਵਾ ਬਾਰਡਰ ’ਤੇ ਪਹੁੰਚਿਆ। ਫ਼ਿਲਹਾਲ ਉਨ੍ਹਾਂ ਨੂੰ ਇਥੇ ਹੀ ਰੋਕਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਹਾਲਾਤ ’ਤੇ ਨਿਗਰਾਨੀ ਕਰ ਰਹੀਆਂ ਹਨ। ਯਾਤਰੀਆਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਜਲਦੀ ਤੋਂ ਜਲਦੀ ਭਾਰਤ ਵਾਪਸ ਜਾਣਾ ਚਾਹੁੰਦੇ ਹਨ। ਅੱਜ ਉਮੀਦ ਹੈ ਕਿ ਜਥੇ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਮਿਲ ਜਾਵੇਗੀ।