‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕੋ ਵੇਲੇਂ ਜੂਮ ਮੀਟਿੰਗ ਨਾਲ ਆਪਣੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਵਾਲੇ Better.com ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਕਿ CEO ਵਿਸ਼ਾਲ ਗਰਗ ਦੀ ਵੀ ਤੁਰੰਤ ਪ੍ਰਭਾਵ ਨਾਲ ਛੁੱਟੀ ਕਰ ਦਿੱਤੀ ਗਈ ਹੈ।
ਅਮਰੀਕਾ ਦੀ ਡਿਜੀਟਲ ਮੋਰਟਗੇਜ ਕੰਪਨੀ ਦੇ ਬੋਰਡ ਨੇ ਈ-ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।ਇਸ ਰਿਪੋਰਟ ਦੇ ਅਨੁਸਾਰ, ਮੁੱਖ ਵਿੱਤੀ ਅਧਿਕਾਰੀ ਕੇਵਿਨ ਰਿਆਨ ਹੁਣ ਕੰਪਨੀ ਵਿੱਚ ਰੋਜ਼ਾਨਾ ਦੇ ਫੈਸਲੇ ਲੈਣਗੇ ਅਤੇ ਬੋਰਡ ਨੂੰ ਰਿਪੋਰਟ ਕਰਨਗੇ।
ਬੋਰਡ ਨੇ ਲੀਡਰਸ਼ਿਪ ਅਤੇ ਸੱਭਿਆਚਾਰਕ ਮੁਲਾਂਕਣ ਲਈ ਇੱਕ ਤੀਜੀ ਧਿਰ ਦੀ ਸੁਤੰਤਰ ਫਰਮ ਨੂੰ ਹਾਇਰ ਕੀਤਾ ਹੈ। ਜਦੋਂ ਇਸ ਪੂਰੇ ਮਾਮਲੇ ਸਬੰਧੀ Better.com ਤੋਂ ਜਵਾਬ ਮੰਗਿਆ ਗਿਆ ਤਾਂ ਕੰਪਨੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਵਿਸ਼ਾਲ ਗਰਗ ਨੇ 900 ਮੁਲਾਜ਼ਮਾਂ ਨੂੰ ਇੱਕੋ ਸਮੇਂ ਬਰਖਾਸਤ ਕਰਨ ਲਈ ਮੁਆਫ਼ੀ ਮੰਗੀ ਸੀ। ਉਸ ਨੇ ਜ਼ੂਮ ਕਾਲ ਦੌਰਾਨ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਕੱਢਿਆ ਗਿਆ, ਉਸ ਲਈ ਪੱਤਰ ਲਿਖ ਕੇ ਮੁਲਾਜ਼ਮਾਂ ਤੋਂ ਮੁਆਫੀ ਮੰਗੀ। ਇਸ ਪੱਤਰ ਵਿੱਚ ਵਿਸ਼ਾਲ ਗਰਗ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਦਾ ਤਰੀਕਾ ਗਲਤ ਸੀ ਅਤੇ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ।