Punjab

ਖਰੀਦ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਅਨੁਸਾਰ ਹੀ ਖਰੀਦੀ ਗਈ ਹੈ ਕਣਕ :ਪੰਜਾਬ ਸਰਕਾਰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਆਈ 90 ਫੀਸਦੀ ਕਣਕ ਨੂੰ ਕੇਂਦਰ ਸਰਕਾਰ ਵੱਲੋਂ  ਜਾਰੀ ਖਰੀਦ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਅਨੁਸਾਰ ਹੀ ਖਰੀਦਿਆ ਗਿਆ ਹੈ। ਪ੍ਰੈੱਸ ਦੇ ਇੱਕ ਹਿੱਸੇ ਵਿੱਚ ਛਪੀਆਂ ਖ਼ਬਰਾਂ ਕਿ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਗਈ 90 ਫੀਸਦ ਕਣਕ ਭਾਰਤ ਸਰਕਾਰ ਵੱਲੋਂ ਜਾਰੀ ਖਰੀਦ ਮਾਪਦੰਡਾਂ ‘ਚ ਦਿੱਤੀ ਗਈ ਢਿੱਲ ਮੁਤਾਬਕ ਨਹੀਂ ਖਰੀਦੀ ਗਈ, ਤੱਥਹੀਣ ਹਨ।

ਅਸਲ ਵਿੱਚ 90 ਫੀਸਦ ਤੋਂ ਵੱਧ ਕਣਕ, ਭਾਰਤ ਸਰਕਾਰ ਦੁਆਰਾ ਜਾਰੀ ਖਰੀਦ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਅਨੁਸਾਰ ਹੀ ਖਰੀਦੀ ਗਈ ਹੈ ਅਤੇ ਇਸ ਸਬੰਧੀ ਨੋਟੀਫਾਈ, ਵੈਲਯੂ ਕੱਟ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕਰਦਿਆਂ ਕਿਸਾਨਾਂ ਦੀ ਫ਼ਸਲ ਐਮਐਸਪੀ ਦੀ ਪੂਰੀ ਕੀਮਤ ‘ਤੇ ਖਰੀਦਣੀ ਯਕੀਨੀ ਬਣਾਈ ਗਈ ਹੈ।

ਹਾਲਾਂਕਿ ਅੱਜ ਇੱਕ ਨਾਮੀ ਅਖ਼ਬਾਰ ਵਿੱਚ ਇਹ ਖ਼ਬਰ ਛਾਪੀ ਗਈ ਸੀ ਕਿ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ ਖ਼ਰੀਦੀ ਕਣਕ ’ਚੋਂ ਕਰੀਬ 90 ਫ਼ੀਸਦੀ ਫ਼ਸਲ ਖ਼ਰੀਦ ਮਾਪਦੰਡਾਂ ’ਤੇ ਖਰੀ ਨਹੀਂ ਉੱਤਰੀ ਹੈ। ਐਤਕੀਂ ਕਣਕ ਦਾ ਝਾੜ ਚੰਗਾ ਨਿੱਕਲ ਰਿਹਾ ਹੈ, ਜਿਸ ਤੋਂ ਕਿਸਾਨ ਧਰਵਾਸ ਵਿੱਚ ਹਨ। ਬੇਸ਼ੱਕ ਕੇਂਦਰ ਸਰਕਾਰ ਨੇ ਇਸ ਵਾਰ ਖ਼ਰੀਦ ਮਾਪਦੰਡਾਂ ’ਤੇ ਖਰੀ ਨਾ ਉਤਰਨ ਵਾਲੀ ਫ਼ਸਲ ’ਤੇ ਵੈਲਿਊ ਕੱਟ ਲਗਾ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਇਸ ਦੀ ਭਰਪਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵੈਲਿਊ ਕੱਟ ਦੀ ਪੂਰਤੀ ਕਰਨ ਦਾ ਫ਼ੈਸਲਾ ਕੀਤਾ ਸੀ।