International

ਇੱਕ ਨਾਰਾ ਲਗਾਉਣ ਦੀ ਸਜ਼ਾ ਸੁਣ ਕੇ ਹੋ ਜਾਵੋਗੇ ‘ਸੁੰਨ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਦੇ ਤਹਿਤ ਪਹਿਲੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਵੀ ਹੈਰਾਨ ਕਰਨ ਵਾਲੀ ਹੈ। ਹਾਂਗਕਾਂਗ ਵਿੱਚ ਇਕ ਵਿਅਕਤੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਉੱਤੇ ਨੌ ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਵਿਅਕਤੀ ਉੱਤੇ ਦੋਸ਼ ਲੱਗੇ ਹਨ ਕਿ ਇਸਨੇ ਇਕ ਨਾਰੇ ਵਾਲਾ ਝੰਡਾ ਫੜ ਕੇ ਪੁਲਿਸ ਮੂਹਰੇ ਮੋਟਰਸਾਇਕਲ ਚਲਾਇਆ ਸੀ।

ਟੋਂਗ ਯਿੰਗ-ਕਿਟ ਨਾਂ ਦੇ ਵਿਅਕਤੀ ਨੇ ਹੱਥ ਵਿੱਚ ਇਕ ਝੰਡਾ ਫੜਿਆ ਹੋਇਆ ਸੀ, ਜਿਸ ਉੱਤੇ ਲਿਖਿਆ ਸੀ “ਹਾਂਗਕਾਂਗ ਨੂੰ ਅਜਾਦ ਕਰੋ, ਇਹ ਸਾਡੇ ਸਮੇਂ ਦੀ ਕ੍ਰਾਂਤੀ ਹੈ” ਇਸ ਵਿਅਕਤੀ ਉੱਤੇ ਵੱਖਵਾਦ ਭੜਕਾਉਣ ਦੇ ਵੀ ਦੋਸ਼ ਲੱਗੇ ਹਨ। ਇਸ ਵਿਅਕਤੀ ਉੱਤੇ ਕੀਤੇ ਗਏ ਮੁਕੱਦਮੇ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਸਜ਼ਾ ਦਿੱਤੀ ਗਈ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਇਸ ਕਾਨੂੰਨ ਤਹਿਤ ਹੁਣ ਕਿੰਨੀ ਸਖਤ ਸਜ਼ਾ ਮਿਲੇਗੀ।

ਇਹ ਕਾਨੂੰਨ 2020 ਵਿਚ ਲਾਗੂ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਲੋਚਕ ਕਹਿੰਦੇ ਹਨ ਕਿ ਇਹ ਕਾਨੂੰਨ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਦਾ ਹੈ।ਇਸ ਨਾਲ ਲੋਕਤੰਤਰ ਦੇ ਹਿਮਾਇਤੀ ਵਰਕਰਾਂ ਨੂੰ ਸਜ਼ਾ ਦੇਣਾ ਸੌਖਾ ਹੋ ਗਿਆ ਹੈ।

ਚੀਨ ਨੇ ਇਸ ਮਾਮਲੇ ਉੱਤੇ ਦਲੀਲ ਦਿੱਤੀ ਹੈ ਕਿ ਇਹ ਕਾਨੂੰਨ ਹਾਂਗਕਾਂਗ ਵਿਚ ਠਹਿਰਾਓ ਲਿਆਉਣ ਲਈ ਜਰੂਰੀ ਹੋ ਗਿਆ ਸੀ। ਸਾਲ 2019 ਵਿਚ ਜਦੋਂ ਹਾਂਗਕਾਂਗ ਵਿਚ ਲੋਕਤੰਤਰ ਸਮਰਖਕ ਅੰਦੋਲਨ ਸ਼ੁਰੂ ਹੋ ਗਏ ਸੀ ਤਾਂ ਇਹ ਕਾਨੂੰਨ ਲਿਆਂਦਾ ਗਿਆ ਸੀ।

ਜੱਜ ਨੇ ਜੋ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫੈਸਲਾ ਸੁਣਾਇਆ ਹੈ ਉਸ ਅਨੁਸਾਰ ਇਸ ਨਾਰੇ ਨਾਲ ਦੂਜੇ ਲੋਕਾਂ ਨੂੰ ਵੀ ਭੜਕਾਇਆ ਜਾ ਸਕਦਾ ਸੀ।